IL&FS ਨੇ ਚੰਗੀ ਰੇਟਿੰਗ ਲਈ ਦਿੱਤੇ ਤੋਹਫੇ, ਰੀਅਲ ਮੈਡ੍ਰਿਡ ਮੈਚ ਦੀਆਂ ਟਿਕਟਾਂ ਤੇ ਲਗਜ਼ਰੀ ਵਿਲਾ ''ਤੇ ਛੋਟ

07/20/2019 9:23:04 AM

ਨਵੀਂ ਦਿੱਲੀ — ਆਈ. ਐੱਲ. ਐੱਫ. ਐੱਸ. ਨੇ ਆਪਣੀ ਰੇਟਿੰਗ ਬਿਹਤਰ ਕਰਵਾਉਣ ਲਈ ਰੇਟਿੰਗ ਏਜੰਸੀਆਂ ਦੇ ਵੱਡੇ ਅਧਿਕਾਰੀਆਂ ਅਤੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੀਅਲ ਮੈਡ੍ਰਿਡ ਫੁੱਟਬਾਲ ਮੈਚ ਦੀਆਂ ਟਿਕਟਾਂ ਅਤੇ ਲਗਜ਼ਰੀ ਵਿਲੇ ’ਤੇ ਭਾਰੀ ਛੋਟ, ਕਮੀਜ਼ਾਂ, ਫਿਟਬਿਟ ਬੈਂਡ ਵਰਗੇ ਕਈ ਤੋਹਫੇ ਦਿੱਤੇ। ਆਈ. ਐੱਲ. ਐੱਫ. ਐੱਸ. ਘਪਲੇ ਨਾਲ ਜੁਡ਼ੀ ਜਾਂਚ ’ਚ ਇਹ ਗੱਲਾਂ ਸਾਹਮਣੇ ਆਈਆਂ ਹਨ। ਅਜੇ ਇਹ ਜਾਂਚ ਚੱਲ ਹੀ ਰਹੀ ਹੈ ਅਤੇ ਇਸ ਦੌਰਾਨ ਹੀ 2 ਰੇਟਿੰਗ ਏਜੰਸੀਆਂ ਦੇ ਨਿਰਦੇਸ਼ਕ ਮੰਡਲਾਂ ਨੇ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਲੰਬੀ ਛੁੱਟੀ ’ਤੇ ਭੇਜ ਦਿੱਤਾ ਹੈ।

ਸਰਕਾਰ ਦੁਆਰਾ ਨਿਯੁਕਤ ਆਈ. ਐੱਲ. ਐੱਫ. ਐੱਸ. ਦੇ ਨਵੇਂ ਨਿਰਦੇਸ਼ਕ ਮੰਡਲ ਨੇ ਗਰਾਂਟ ਥਾਰਟਨ ਨੂੰ ਕੰਪਨੀ ਦੇ ਫੋਰੈਂਸਿਕ ਆਡਿਟ ਦਾ ਕੰਮ ਸੌਂਪਿਆ ਸੀ। ਇਸ ਜਾਂਚ ’ਚ ਸਮੂਹ ਵੱਲੋਂ ਲਗਭਗ 90,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਭੁਗਤਾਨ ’ਚ ਅਸਫਲ ਰਹਿਣ ਅਤੇ ਸਮੂਹ ਦੇ ਪਿਛਲੇ ਸਿਖਰ ਪ੍ਰਬੰਧਨ ਵੱਲੋਂ ਸ਼ੱਕੀ ਤੌਰ ’ਤੇ ਗਲਤ ਕੰਮ ਕਰਨ ਦੀ ਪਛਾਣ ਹੋਈ ਹੈ। ਇਸ ਸਬੰਧ ’ਚ ਦੋਵਾਂ ਵੱਲੋਂ ਕਈ ਈ-ਮੇਲਜ਼ ’ਚ ਗੱਲਬਾਤ ਹੋਈ। ਆਈ. ਐੱਲ. ਐੱਫ. ਐੱਸ. ਸਮੂਹ ਨੂੰ ਰੇਟਿੰਗ ਦੇਣ ਵਾਲਿਆਂ ’ਚ ਕੇਅਰ, ਇਕ੍ਰਾ, ਇੰਡੀਆ ਰੇਟਿੰਗਸ ਅਤੇ ਬ੍ਰਿਕਵਰਕ ਏਜੰਸੀਆਂ ਪ੍ਰਮੁੱਖ ਹਨ।

ਇਸ ’ਚ ਪਾਇਆ ਗਿਆ ਕਿ ਆਈ. ਐੱਲ. ਐੱਫ. ਐੱਸ. ਫਾਈਨਾਂਸ਼ੀਅਲ ਸਰਵਿਸਿਜ਼ (ਆਈ. ਐੱਫ. ਆਈ. ਐੱਸ.) ਦੇ ਸਾਬਕਾ ਮੁੱਖ ਕਾਰਜਕਾਰੀ ਰਮੇਸ਼ ਬਾਵਾ ਨੇ ਫਿੱਚ ਰੇਟਿੰਗਸ ਦੇ ਦੱਖਣ ਅਤੇ ਦੱਖਣ ਏਸ਼ੀਆ ਦੇ ਸੰਸਥਾਨ ਪ੍ਰਮੁੱਖ ਅੰਬਰੀਸ਼ ਸ਼੍ਰੀਵਾਸਤਵ ਦੀ ਪਤਨੀ ਨੂੰ ਇਕ ਵਿਲਾ ਖਰੀਦਣ ’ਚ ਮਦਦ ਕੀਤੀ, ਨਾਲ ਹੀ ਉਨ੍ਹਾਂ ਨੂੰ ਭਾਰੀ ਛੋਟ ਦਿੱਤੀ। ਕੰਪਨੀ ਦੇ ਇਕ ਹੋਰ ਮੇਲ ’ਚ ਪਾਇਆ ਗਿਆ ਕਿ ਬ੍ਰਿਕਵਰਕ ਰੇਟਿੰਗਸ ਦੇ ਸੰਸਥਾਪਕ ਅਤੇ ਨਿਰਦੇਸ਼ਕ ਡੀ. ਰਵੀਸ਼ੰਕਰ ਨੇ ਅਰੁਣਾ ਸਾਹਾ ਨੂੰ ਧੰਨਵਾਦ ਭੇਜਿਆ ਹੈ। ਸਾਹਾ ਉਸ ਸਮੇਂ ਆਈ. ਐੱਫ. ਆਈ. ਐੱਨ. ਦੇ ਸੰਯੁਕਤ ਨਿਰਦੇਸ਼ਕ ਸਨ। ਸਾਹਾ ਨੇ ਰਵੀਸ਼ੰਕਰ ਨੂੰ ਉਨ੍ਹਾਂ ਦੇ ਬੇਟੇ ਦੇ ਨਾਲ ਸਪੇਨ ਦੇ ਮੈਡ੍ਰਿਡ ’ਚ ਰੀਅਲ ਮੈਡ੍ਰਿਡ ਦਾ ਫੁੱਟਬਾਲ ਮੈਚ ਦੇਖਣ ਲਈ ਟਿਕਟਾਂ ਉਪਲੱਬਧ ਕਰਵਾਈਆਂ ਸਨ। ਇਕ ਹੋਰ ਈ-ਮੇਲ ’ਚ ਸਾਹਾ ਆਈ. ਐੱਲ. ਐੱਫ. ਐੱਸ. ਦੇ ਮੁੱਖ ਖਤਰਾ ਅਧਿਕਾਰੀ ਸੁਜਾਏ ਦਾਸ ਵੱਲੋਂ ਕੇਅਰ ਦੇ ਪ੍ਰਬੰਧ ਨਿਰਦੇਸ਼ਕ ਰਾਜੇਸ਼ ਮੋਕਾਸ਼ੀ ਲਈ ਉਨ੍ਹਾਂ ਦੀ ਪਸੰਦ ਦਾ ਫਿਟਬਿਟ ਬੈਂਡ ਖਰੀਦਣ ਲਈ ਕਹਿ ਰਹੇ ਹਨ।