ਭਾਰਤ ਵਰਗੇ ਉੱਚ ਵਾਧੇ ਵਾਲੇ ਬਾਜ਼ਾਰਾਂ ’ਚ ਨਿਵੇਸ਼ ’ਤੇ ਜ਼ੋਰ : ਸਾਊਦੀ ਅਰਾਮਕੋ

03/22/2020 10:34:54 PM

ਨਵੀਂ ਦਿੱਲੀ (ਭਾਸ਼ਾ)-ਦੁਨੀਆ ਦੀ ਸਭ ਤੋਂ ਵੱਡੀ ਤੇਲ ਐਕਸਪੋਰਟਰ ਕੰਪਨੀ ਸਾਊਦੀ ਅਰਾਮਕੋ ਨੇ ਕਿਹਾ ਹੈ ਕਿ ਉਹ ਭਾਰਤ ਵਰਗੇ ਉੱਚ ਵਾਧੇ ਵਾਲੇ ਦੇਸ਼ਾਂ ’ਚ ਆਪਣਾ ਨਿਵੇਸ਼ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਧਿਆਨਦੇਣ ਯੋਗ ਹੈ ਕਿ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਤੇਲ ਤੋਂ ਲੈ ਕੇ ਰਸਾਇਣ ਦੇ 75 ਅਰਬ ਡਾਲਰ ਦੇ ਕਾਰੋਬਾਰ ’ਚ 20 ਫੀਸਦੀ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਕਰ ਰਹੀ ਹੈ। ਅਰਾਮਕੋ ਨੇ ਆਪਣੀ ਨਵੀਂ ਸਾਲਾਨਾ ਰਿਪੋਰਟ ’ਚ ਕਿਹਾ ਕਿ ਉਹ ਉੱਚ ਵਾਧੇ ਵਾਲੇ ਬਾਜ਼ਾਰਾਂ ਦੇ ਨਾਲ ਹੀ ਉਨ੍ਹਾਂ ਦੇਸ਼ਾਂ ’ਚ ਨਿਵੇਸ਼ ਦੇ ਮੌਕਿਆਂ ਦੀ ਤਲਾਸ਼ ਕਰ ਰਹੀ ਹੈ, ਜੋ ਕੱਚੇ ਤੇਲ ਦੀ ਇੰਪੋਰਟ ’ਤੇ ਨਿਰਭਰ ਹਨ।

ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਊਰਜਾ ਬਾਜ਼ਾਰ ਹੈ, ਜਿੱਥੇ ਈਂਧਣ ਦੀ ਖਪਤ ਸਾਲਾਨਾ 4-5 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਇਹ ਆਪਣੀ 83 ਫੀਸਦੀ ਤੇਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੰਪੋਰਟ ’ਤੇ ਨਿਰਭਰ ਹੈ। ਸਾਊਦੀ ਅਰਬ ਭਾਰਤ ਦਾ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਸਪਲਾਇਰ ਹੈ। ਕੰਪਨੀ ਦੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ, ‘‘ਸਾਊਦੀ ਅਰਾਮਕੋ ਚੀਨ, ਭਾਰਤ ਅਤੇ ਦੱਖਣ ਪੂਰਬੀ ਏਸ਼ੀਆ ਸਮੇਤ ਉੱਚ ਵਾਧੇ ਵਾਲੇ ਖੇਤਰਾਂ ’ਚ ਆਪਣਾ ਨਿਵੇਸ਼ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਨਿਵੇਸ਼ ਲਈ ਅਮਰੀਕਾ, ਜਾਪਾਨ ਅਤੇ ਦੱਖਣ ਕੋਰੀਆ ਵਰਗੇ ਦੇਸ਼ਾਂ ’ਤੇ ਵੀ ਫੋਕਸ ਕਰ ਰਹੀ ਹੈ।’’

ਭਾਰਤ ਦੇ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਪਿਛਲੇ ਸਾਲ ਅਗਸਤ ’ਚ ਆਪਣੇ ਤੇਲ ਤੋਂ ਲੈ ਕੇ ਰਸਾਇਣ ਦੇ ਕਾਰੋਬਾਰ ’ਚ 20 ਫੀਸਦੀ ਹਿੱਸੇਦਾਰੀ ਸਾਊਦੀ ਅਰਬ ਦੀ ਰਾਸ਼ਟਰੀ ਤੇਲ ਕੰਪਨੀ ਨੂੰ ਵੇਚਣ ਲਈ ਸ਼ੁਰੂਆਤੀ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਈਂਧਣ ਦੇ ਪ੍ਰਚੂਨ ਕਾਰੋਬਾਰ ’ਚ ਬ੍ਰਿਟੇਨ ਦੀ ਬੀ. ਪੀ. ਪੀ. ਐੱਲ. ਸੀ. ’ਚ 7000 ਕਰੋਡ਼ ਰੁਪਏ ’ਚ 49 ਫੀਸਦੀ ਹਿੱਸੇਦਾਰੀ ਵੇਚੀ ਗਈ ਹੈ। ਮਾਰਗਨ ਸਟੇਨਲੀ ਨੇ 19 ਮਾਰਚ ਦੇ ਆਪਣੇ ਖੋਜ ਨੋਟ ’ਚ ਕਿਹਾ ਹੈ ਕਿ ਅਰਾਮਕੋ ਨੇ ਕਾਨਫਰੰਸ ਕਾਲ ’ਚ ਕਿਹਾ ਹੈ ਕਿ ਉਹ ਅਜੇ ਵੀ ਰਿਲਾਇੰਸ ਇੰਡਸਟਰੀਜ਼ ਦੇ ਕਾਰੋਬਾਰ ’ਚ ਨਿਵੇਸ਼ ਦੀ ਜਾਂਚ-ਪਰਖ ਕਰ ਰਹੀ ਹੈ। ਇਸ ’ਚ ਕਿਹਾ ਗਿਆ ਹੈ,‘‘ਇਕ ਵਾਰ ਮੁਲਾਂਕਣ ਪੂਰਾ ਹੋ ਜਾਣ ’ਤੇ ਇਹ ਪ੍ਰਸਤਾਵ ਮਨਜ਼ੂਰੀ ਪ੍ਰਕਿਰਿਆ ਦੇ ਅਗਲੇ ਪੱਧਰ ’ਤੇ ਪਹੁੰਚ ਜਾਵੇਗਾ।’’

Karan Kumar

This news is Content Editor Karan Kumar