ਮਾਰਚ-ਅਪ੍ਰੈਲ ਤੋਂ ਵਧੇਗੀ ਕਿਸਾਨਾਂ ਦੀ ਅਾਮਦਨ,FMCG ਸੈਕਟਰ ’ਚ ਅਾਵੇਗਾ ਬੂਸਟ : ਕ੍ਰਿਸਿਲ

01/21/2020 11:48:57 PM

ਮੁੰਬਈ (ਯੂ. ਐੱਨ. ਅਾਈ.)-ਕ੍ਰੈਡਿਟ ਰੇਟਿੰਗ ਅਤੇ ਮਾਰਕੀਟ ਅਧਿਐਨ ਕੰਪਨੀ ਕ੍ਰਿਸਿਲ ਨੇ ਅਗਲੇ ਵਿੱਤੀ ਸਾਲ ’ਚ ਦਿਹਾਤੀ ਮੰਗ ’ਚ ਸੁਧਾਰ ਦਾ ਅਨੁਮਾਨ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ (ਐੱਫ. ਐੱਮ. ਸੀ . ਜੀ.) ਦਾ ਕਾਰੋਬਾਰ ਜ਼ੋਰ ਫੜੇਗਾ ਯਾਨੀ ਇਸ ਸੈਕਟਰ ’ਚ ਬੂਸਟ ਆਵੇਗਾ ਅਤੇ ਇਹ ਉਦਯੋਗ ਦਹਾਈ ਅੰਕ ਦੀ ਵਿਕਾਸ ਦਰ ਹਾਸਲ ਕਰ ਲਵੇਗਾ। ਕ੍ਰਿਸਿਲ ਵੱਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ, ਇਸ ਸਾਲ ਮਾਰਚ-ਅਪ੍ਰੈਲ ਤੋਂ ਕਿਸਾਨਾਂ ਦੀ ਆਮਦਨ ਵਧਣ ਨਾਲ ਦਿਹਾਤੀ ਕਮਾਈ ’ਚ ਹੌਲੀ-ਹੌਲੀ ਵਾਧਾ ਹੋਵੇਗਾ। ਪਿਛਲੇ ਸਾਲ ਬਿਹਤਰ ਮਾਨਸੂਨ ਤੋਂ ਬਾਅਦ ਅਜੇ ਤਾਲਾਬਾਂ ’ਚ ਜਮ੍ਹਾ ਪਾਣੀ ਦਾ ਪੱਧਰ ਚੰਗਾ ਹੈ। ਰਬੀ ਉਤਪਾਦਨ ਵੀ 7-8 ਫੀਸਦੀ ਵਧਣ ਦੀ ਉਮੀਦ ਹੈ।’’ ਰਿਪੋਰਟ ਅਨੁਸਾਰ ਆਮਦਨੀ ਵਧਣ ਨਾਲ ਦਿਹਾਤੀ ਇਲਾਕਿਆਂ ’ਚ ਮੰਗ ਵੀ ਵਧੇਗੀ, ਹਾਲਾਂਕਿ ਸ਼ਹਿਰੀ ਇਲਾਕਿਆਂ ’ਚ ਮੰਗ ’ਚ ਸੁਸਤੀ ਬਣੀ ਰਹੇਗੀ।

ਮਾਲੀਏ ’ਚ ਦਿਹਾਤੀ ਖੇਤਰ ਦੀ ਹਿੱਸੇਦਾਰੀ ਲਗਭਗ 50 ਫੀਸਦੀ
ਦਿਹਾਤੀ ਮੰਗ ਵਧਣ ਨਾਲ ਅਗਲੇ ਵਿੱਤੀ ਸਾਲ ’ਚ ਐੱਫ. ਐੱਮ. ਸੀ. ਜੀ. ਖੇਤਰ ਦਾ ਕਾਰੋਬਾਰ 10-11 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ, ਜਦੋਂਕਿ ਚਾਲੂ ਵਿੱਤੀ ਸਾਲ ’ਚ ਇਸ ਦੇ 8-9 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।

ਏਜੰਸੀ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ’ਚ ਦਿਹਾਤੀ ਮੰਗ ਘੱਟ ਰਹਿਣ ਅਤੇ ਥੋਕ ਵਿਕਰੀ ਦੇ ਚੈਨਲ ’ਚ ਨਕਦੀ ਦੀ ਕਮੀ ਕਾਰਣ ਐੱਫ. ਐੱਮ. ਸੀ. ਜੀ. ਖੇਤਰ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਇਸ ਖੇਤਰ ਦੇ ਮਾਲੀਏ ’ਚ ਦਿਹਾਤੀ ਖੇਤਰ ਦੀ ਹਿੱਸੇਦਾਰੀ ਲਗਭਗ 50 ਫੀਸਦੀ ਹੈ। ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਖੇਤੀ ਦੇ ਕੁਲ ਘਰੇਲੂ ਉਤਪਾਦ ’ਚ ਸਿਰਫ 2 ਫੀਸਦੀ ਦੀ ਵਿਕਾਸ ਦਰ ਅਤੇ ਘੱਟ ਉਤਪਾਦਨ ਕਾਰਣ ਦਿਹਾਤੀ ਇਲਾਕਿਆਂ ’ਚ ਮੰਗ ਕਮਜ਼ੋਰ ਹੋਈ।

ਸ਼ਹਿਰੀ ਇਲਾਕਿਆਂ ’ਚ ਬਣੀ ਰਹੇਗੀ ਮੰਗ ’ਚ ਸੁਸਤੀ
ਕ੍ਰਿਸਿਲ ਦੇ ਸੀਨੀਅਰ ਨਿਰਦੇਸ਼ਕ ਅਨੁਜ ਸੇਠੀ ਨੇ ਕਿਹਾ ਕਿ ਸਰਕਾਰ ਵੱਲੋਂ ਦਿਹਾਤੀ ਬੁਨਿਆਦੀ ਢਾਂਚੇ ’ਤੇ ਖਰਚ ਵਧਾਉਣ ਨਾਲ ਦਿਹਾਤੀ ਕਮਾਈ ’ਚ ਸੁਧਾਰ ਹੋਵੇਗਾ, ਜਿਸ ਨਾਲ ਐੱਫ. ਐੱਮ. ਸੀ. ਜੀ. ਉਤਪਾਦਾਂ ਦੀ ਮੰਗ ਵਧੇਗੀ। ਸ਼ਹਿਰੀ ਇਲਾਕਿਆਂ ’ਚ ਐੱਫ. ਐੱਮ. ਸੀ. ਜੀ. ਕਾਰੋਬਾਰ ਦਾ ਮਾਲੀਆ 8 ਫੀਸਦੀ ਦੀ ਦਰ ਨਾਲ ਪਹਿਲਾਂ ਦੀ ਤਰ੍ਹਾਂ ਵਧਦਾ ਰਹੇਗਾ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਐੱਫ. ਐੱਮ. ਸੀ. ਜੀ. ਖੇਤਰ ਦੇ ਉਪ ਖੇਤਰਾਂ ’ਚ ਪੈਕੇਜਡ ਖੁਰਾਕੀ ਉਤਪਾਦਾਂ ਦੇ ਕਾਰੋਬਾਰ ਦੀ ਵਾਧਾ ਦਰ ਸਭ ਤੋਂ ਜ਼ਿਆਦਾ ਬਣੀ ਰਹੇਗੀ। ਇਹ ਚਾਲੂ ਵਿੱਤੀ ਸਾਲ ’ਚ 9-10 ਫੀਸਦੀ ਹੈ ਜੋ ਅਗਲੇ ਵਿੱਤੀ ਸਾਲ ’ਚ 11-12 ਫੀਸਦੀ ’ਤੇ ਪਹੁੰਚ ਜਾਵੇਗੀ। ਸੁੰਦਰਤਾ ਅਤੇ ਘਰਾਂ ਦੀ ਸਾਫ-ਸਫਾਈ ਆਦਿ ਦੇ ਉਤਪਾਦਾਂ ਦਾ ਕਾਰੋਬਾਰ ਮੌਜੂਦਾ 6-7 ਫੀਸਦੀ ਦੀ ਬਜਾਏ ਅਗਲੇ ਵਿੱਤੀ ਸਾਲ ’ਚ 8-9 ਫੀਸਦੀ ਦੀ ਦਰ ਨਾਲ ਵਧੇਗਾ।

Karan Kumar

This news is Content Editor Karan Kumar