ਹਵਾਈ ਮੁਸਾਫਰਾਂ ਲਈ ਗੁੱਡ ਨਿਊਜ਼, IGI ''ਤੇ ਮਿਲੇਗੀ ਹੁਣ ਇਹ ਸੁਵਿਧਾ

08/17/2019 2:06:15 PM

ਨਵੀਂ ਦਿੱਲੀ— ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਹਵਾਈ ਅੱਡੇ ਤੋਂ ਘਰੇਲੂ ਫਲਾਈਟ ਲੈਣ ਵਾਲੇ ਹਵਾਈ ਮੁਸਾਫਰਾਂ ਲਈ ਗੁੱਡ ਨਿਊਜ਼ ਹੈ। ਹੁਣ ਇੱਥੇ ਵੀ 'ਐਕਸਪ੍ਰੈੱਸ ਚੈੱਕ-ਇਨ ਕਾਊਂਟਰ' ਸਰਵਿਸ ਸ਼ੁਰੂ ਹੋ ਗਈ ਹੈ, ਜਿਸ ਨਾਲ ਘਰੇਲੂ ਉਡਾਣਾਂ ਦੇ ਮੁਸਾਫਰਾਂ ਦਾ ਕਾਫੀ ਸਮਾਂ ਬਚੇਗਾ। ਇਹ ਸੁਵਿਧਾ ਸਿਰਫ ਹੈਂਡਬੈਗ ਵਾਲੇ ਮੁਸਾਫਰਾਂ ਨੂੰ ਹੀ ਮਿਲੇਗੀ, ਜਿਸ ਨਾਲ ਉਹ 'ਐਕਸਪ੍ਰੈਸ ਲੇਨ' ਰਾਹੀਂ ਸਿੱਧੇ ਬੋਰਡਿੰਗ ਖੇਤਰ 'ਚ ਦਾਖਲ ਹੋ ਸਕਦੇ ਹਨ।

 


ਇਕ ਅਧਿਕਾਰੀ ਅਨੁਸਾਰ, ਦਿੱਲੀ 'ਚ ਤਕਰੀਬਨ 40 ਫੀਸਦੀ ਯਾਤਰੀ ਚੈੱਕ-ਇਨ ਬੈਗ ਨਾਲ ਯਾਤਰਾ ਨਹੀਂ ਕਰਦੇ ਹਨ ਤੇ ਨਵੀਂ ਸਰਵਿਸ ਸ਼ੁਰੂ ਹੋਣ ਨਾਲ ਟਰਮੀਨਲਾਂ ਦੇ ਚੈਕ-ਇਨ ਜ਼ੋਨਾਂ 'ਤੇ ਭੀੜ ਘੱਟ ਹੋਵੇਗੀ। ਬਿਨਾਂ ਕਿਸੇ ਵਾਧੂ ਸਮਾਨ ਦੇ ਯਾਤਰਾ ਕਰਨ ਵਾਲੇ ਘਰੇਲੂ ਹਵਾਈ ਮੁਸਾਫਰਾਂ ਲਈ ਸਫਰ ਕਰਨਾ ਸੌਖਾ ਹੋ ਜਾਵੇਗਾ।

ਜੀ. ਐੱਮ. ਆਰ. ਦੀ ਅਗਵਾਈ ਵਾਲੀ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ. ਆਈ. ਏ. ਐੱਲ.) ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੇ ਸਹਿਯੋਗ ਨਾਲ ਸ਼ੁੱਕਰਵਾਰ ਨੂੰ ਟਰਮੀਨਲ-2 'ਤੇ ਇਸ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ।ਜਲਦ ਹੀ ਇਸ ਨੂੰ ਟਰਮੀਨਲ-1 ਅਤੇ ਟਰਮੀਨਲ-3 'ਤੇ ਵੀ ਸ਼ੁਰੂ ਕੀਤਾ ਜਾਵੇਗਾ। ਦਿੱਲੀ ਆਈ. ਜੀ. ਆਈ. ਹਵਾਈ ਅੱਡੇ ਦਾ ਟਰਮੀਨਲ-2 ਰੋਜ਼ਾਨਾ ਲਗਭਗ 45,000 ਘਰੇਲੂ ਹਵਾਈ ਮੁਸਾਫਰਾਂ ਨੂੰ ਹੈਂਡਲ ਕਰਦਾ ਹੈ, ਜਿਨ੍ਹਾਂ 'ਚੋਂ 13,000 ਤੋਂ ਵੱਧ ਯਾਤਰੀ ਬਿਨਾਂ ਕਿਸੇ ਸਮਾਨ ਦੇ ਯਾਤਰਾ ਕਰਦੇ ਹਨ। ਇਸ ਤੋਂ ਪਹਿਲਾਂ ਸਿਰਫ ਹੈਦਰਾਬਾਦ ਹਵਾਈ ਅੱਡੇ 'ਤੇ ਹੈਂਡਬੈਗ ਨਾਲ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਇਹ ਸੁਵਿਧਾ ਮਿਲ ਰਹੀ ਸੀ।