ਸਰਕਾਰ ਦਾ ਵਿੱਤੀ ਘਾਟਾ ਬਜਟ ''ਚ ਮਿੱਥੇ ਟੀਚੇ ਤੋਂ 103 ਫੀਸਦੀ ਪਾਰ

08/31/2020 7:26:14 PM

ਨਵੀਂ ਦਿੱਲੀ— ਮੌਜੂਦਾ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨੇ ਯਾਨੀ ਅਪ੍ਰੈਲ ਤੋਂ ਜੁਲਾਈ ਤੱਕ ਸਰਕਾਰ ਦਾ ਵਿੱਤੀ ਘਾਟਾ ਬਜਟ ਅਨੁਮਾਨ ਦੇ 103 ਫੀਸਦੀ ਨੂੰ ਪਾਰ ਕਰ ਗਿਆ ਹੈ।

ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਚਾਰ ਮਹੀਨਿਆਂ 'ਚ ਕੋਰੋਨਾ ਕਾਲ ਦੌਰਾਨ ਵਿੱਤੀ ਘਾਟਾ 8.21 ਲੱਖ ਕਰੋੜ ਰੁਪਏ ਰਿਹਾ। ਇਹ 7.96 ਲੱਖ ਕਰੋੜ ਰੁਪਏ ਦੇ ਬਜਟ ਟੀਚੇ ਤੋਂ ਉਪਰ ਹੈ।

ਇਸ ਮਿਆਦ 'ਚ ਕੁੱਲ ਮਾਲੀਆ ਕੁਲਕੈਸ਼ਨ 2.03 ਲੱਖ ਕਰੋੜ ਰੁਪਏ ਰਿਹਾ, ਜਦੋਂ ਕੁੱਲ ਖਰਚ 10.5 ਲੱਖ ਕਰੋੜ ਰੁਪਏ ਰਿਹਾ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀਤੇ ਗਏ ਵੱਡੇ ਪੱਧਰ 'ਤੇ ਖਰਚ ਅਤੇ ਲਾਕਡਾਊਨ ਕਾਰਨ ਮਾਲੀਏ 'ਚ ਗਿਰਾਵਟ ਆਉਣ ਕਾਰਨ ਵਿੱਤੀ ਘਾਟਾ ਬਜਟ ਅਨੁਮਾਨ ਨੂੰ ਪਾਰ ਕਰ ਗਿਆ ਹੈ।

ਉੱਥੇ ਹੀ, ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਵੱਲੋਂ ਪੇਸ਼ ਅੰਕੜਿਆਂ ਮੁਤਾਬਕ, ਜੂਨ ਤਿਮਾਹੀ 'ਚ ਭਾਰਤੀ ਅਰਥਵਿਵਸਥਾ ਨੇ 23.9 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਹੈ। ਇਹ ਭਾਰਤ ਵੱਲੋਂ 1996 ਤੋਂ ਤਿਮਾਹੀ ਅੰਕੜੇ ਜਾਰੀ ਹੋਣ ਦੀ ਸ਼ੁਰੂਆਤ ਤੋਂ ਬਾਅਦ ਦਾ ਸਭ ਤੋਂ ਖ਼ਰਾਬ ਅੰਕੜਾ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ ਵਿਕਾਸ ਦਰ 5.2 ਫੀਸਦੀ ਸਕਾਰਾਤਮਕ ਰਹੀ ਸੀ। ਸਰਕਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਜੀ. ਡੀ. ਪੀ. 26,89,556 ਕਰੋੜ ਰੁਪਏ ਰਹੀ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 35,35,267 ਕਰੋੜ ਰੁਪਏ ਨਾਲੋਂ 23.9 ਫ਼ੀਸਦ ਘੱਟ ਹੈ।

Sanjeev

This news is Content Editor Sanjeev