ਮਾਹਰਾਂ ਦੀ ਰਾਏ, ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟਾ ਜੀ. ਡੀ. ਪੀ. ਦਾ 7.5 ਫ਼ੀਸਦੀ ਰਹੇਗਾ

01/09/2021 5:32:42 PM

ਨਵੀਂ ਦਿੱਲੀ (ਭਾਸ਼ਾ)– ਦੇਸ਼ ਦਾ ਵਿੱਤੀ ਘਾਟਾ ਚਾਲੂ ਵਿੱਤੀ ਸਾਲ 2020-21 ’ਚ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 7.5 ਫ਼ੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਮਾਹਰਾਂ ਨੇ ਇਹ ਰਾਏ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਕਾਰਣ ਮਾਲੀ ਸੰਗ੍ਰਹਿ ਘਟਣ ਨਾਲ ਵਿੱਤੀ ਘਾਟਾ ਅਨੁਮਾਨ ਤੋਂ ਕਿਤੇ ਉੱਪਰ ਰਹੇਗਾ। ਚਾਲੂ ਵਿੱਤੀ ਸਾਲ ’ਚ ਵਿੱਤੀ ਘਾਟੇ ਦਾ ਬਜਟ ਅਨੁਮਾਨ 3.5 ਫ਼ੀਸਦੀ ਰੱਖਿਆ ਗਿਆ ਹੈ। ਇਸ ਲਿਹਾਜ ਨਾਲ ਵਿੱਤੀ ਘਾਟਾ ਬਜਟ ਅਨੁਮਾਨ ਤੋਂ 100 ਫ਼ੀਸਦੀ ਵੱਧ ਰਹਿਣ ਦੀ ਸੰਭਾਵਨਾ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 2020-21 ਦੇ ਆਮ ਬਜਟ ’ਚ ਵਿੱਤੀ ਘਾਟਾ 7.96 ਲੱਖ ਕਰੋੜ ਰੁਪਏ ਜਾਂ ਜੀ. ਡੀ. ਪੀ. ਦਾ 3.5 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਇਸ ਤਰ੍ਹਾਂ ਵਿੱਤੀ ਮੰਤਰੀ ਨੇ ਬਜਟ ’ਚ ਕੁਲ ਮਾਰਕੀਟ ਕਰਜ਼ਾ 7.80 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਰੱਖਿਆ ਸੀ। ਕੋਵਿਡ-19 ਸੰਕਟ ਦਰਮਿਆਨ ਧਨ ਦੀ ਕਮੀ ਨਾਲ ਜੂਝ ਰਹੀ ਸਰਕਾਰ ਨੇ ਮਈ ’ਚ ਚਾਲੂ ਵਿੱਤੀ ਸਾਲ ਲਈ ਮਾਰਕੀਟ ਕਰਜ਼ਾ ਪ੍ਰੋਗਰਾਮ ਨੂੰ 50 ਫ਼ੀਸਦੀ ਤੋਂ ਜ਼ਿਆਦਾ ਵਧਾ ਕੇ 12 ਲੱਖ ਕਰੋੜ ਰੁਪਏ ਕਰ ਦਿੱਤਾ ਸੀ।

ਇਕਰਾ ਦੀ ਪ੍ਰਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਮਾਰਚ ’ਚ ਸਮਾਪਤ ਹੋ ਰਹੇ ਵਿੱਤੀ ਸਾਲ ’ਚ ਵਿੱਤੀ ਘਾਟਾ 7.5 ਫ਼ੀਸਦੀ ’ਤੇ ਪਹੁੰਚਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਅਨੁਮਾਨ ਹੈ ਕਿ ਵਿੱਤੀ ਘਾਟਾ 14.5 ਲੱਖ ਕਰੋੜ ਰੁਪਏ ਜਾਂ ਜੀ. ਡੀ. ਪੀ. ਦਾ 7.5 ਫ਼ੀਸਦੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਮੁੱਲ ’ਤੇ ਕੁਲ ਘਰੇਲੂ ਉਤਪਾਦ 2020-21 ’ਚ 194.82 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਉਥੇ ਹੀ 31 ਮਈ 2020 ਨੂੰ ਵਿੱਤੀ ਸਾਲ 2019-20 ਲਈ ਜਾਰੀ ਜੀ. ਡੀ. ਪੀ. ਦਾ ਸ਼ੁਰੂਆਤੀ ਅਨੁਮਾਨ 203.40 ਲੱਖ ਕਰੋੜ ਰੁਪਏ ਸੀ।

ਈਵਾਈ ਇੰਡੀਆ ਦੇ ਮੁੱਖ ਨੀਤੀ ਸਲਾਹਕਾਰ ਜੀ. ਕੇ. ਸ਼੍ਰੀਵਾਸਤਵ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਾਲ ਪਹਿਲਾਂ ਐਲਾਨੇ 12 ਲੱਖ ਕਰੋੜ ਰੁਪਏ ਤੋਂ ਕਿਤੇ ਵੱਧ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰ ਦਾ ਵਿੱਤੀ ਘਾਟਾ ਚਾਲੂ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ (ਅਪ੍ਰੈਲ-ਨਵੰਬਰ) ਦੌਰਾਨ 10.7 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ, ਜੋ ਪੂਰੇ ਸਾਲ ਦੇ ਬਜਟ ਅਨੁਮਾਨ ਦਾ 135 ਫ਼ੀਸਦੀ ਹੈ। ਕੋਵਿਡ-19 ਮਹਾਮਾਰੀ ’ਤੇ ਰੋਕ ਲਗਾਉਣ ਲਈ ਲਗਾਏ ਗਏ ਲਾਕਡਾਊਨ ਕਾਰਣ ਵਿੱਤੀ ਘਾਟਾ ਜੁਲਾਈ ’ਚ ਹੀ ਬਜਟ ਟੀਚੇ ਨੂੰ ਪਾਰ ਕਰ ਗਿਆ ਸੀ। ਨਵੰਬਰ 2020 ਦੇ ਅੰਤ ਤੱਕ ਸਰਕਾਰ ਦੀਆਂ ਕੁਲ ਪ੍ਰਾਪਤੀਆਂ 8,30,851 ਕਰੋੜ ਰੁਪਏ ਸਨ। ਇਹ 2020-21 ਦੇ ਬਜਟ ਅਨੁਮਾਨ ਦਾ 37 ਫ਼ੀਸਦੀ ਹੈ। ਇਸ ’ਚ 6,88,430 ਕਰੋੜ ਰੁਪਏ ਦਾ ਟੈਕਸ ਮਾਲੀਆ, 1,24,280 ਕਰੋੜ ਰੁਪਏ ਦਾ ਗੈਰ-ਟੈਕਸ ਮਾਲੀਆ ਅਤੇ 18,141 ਕਰੋੜ ਰੁਪਏ ਦੀ ਗੈਰ-ਕਰਜ਼ਾ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ।

cherry

This news is Content Editor cherry