ਪਹਿਲਾਂ ਭਾਰਤ ’ਚ ਵਿਕਰੀ ਦੀ ਮਨਜ਼ੂਰੀ ਮਿਲੇ, ਫਿਰ ਟੈਸਲਾ ਦਾ ਪਲਾਂਟ ਲਗਾਉਣ ’ਤੇ ਫੈਸਲਾ : ਮਸਕ

05/29/2022 11:40:50 AM

ਨਵੀਂ ਦਿੱਲੀ (ਭਾਸ਼ਾ) – ਇਲੈਕਟ੍ਰਿਕ ਕਾਰ ਬਣਾਉਣ ਵਾਲੀ ਅਮਰੀਕੀ ਕੰਪਨੀ ਟੈਸਲਾ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮਸਕ ਨੇ ਕਿਹਾ ਕਿ ਟੈਸਲਾ ਨੂੰ ਭਾਰਤ ’ਚ ਆਪਣੀਆਂ ਕਾਰਾਂ ਦੀ ਵਿਕਰੀ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਸਥਾਨਕ ਪੱਧਰ ’ਤੇ ਇਸ ਦੇ ਨਿਰਮਾਣ ਬਾਰੇ ਕੋਈ ਫੈਸਲਾ ਲਿਆ ਜਾਵੇਗਾ। ਮਸਕ ਨੇ ਭਾਰਤ ’ਚ ਟੈਸਲਾ ਦਾ ਨਿਰਮਾਣ ਪਲਾਂਟ ਲਗਾਉਣ ਦੀ ਸੰਭਾਵਨਾ ਬਾਰੇ ਟਵਿਟਰ ’ਤੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਟੈਸਲਾ ਕਿਸੇ ਵੀ ਅਜਿਹੀ ਥਾਂ ’ਤੇ ਆਪਣਾ ਨਿਰਮਾਣ ਪਲਾਂਟ ਨਹੀਂ ਲਗਾਏਗੀ, ਜਿੱਥੇ ਉਸ ਨੂੰ ਪਹਿਲਾਂ ਆਪਣੀਆਂ ਕਾਰਾਂ ਦੀ ਵਿਕਰੀ ਅਤੇ ਸਰਵਿਸ ਦੀ ਇਜਾਜ਼ਤ ਨਾ ਦਿੱਤੀ ਗਈ ਹੋਵੇ।

ਮਸਕ ਦਾ ਇਹ ਬਿਆਨ ਇਸ ਲਿਹਾਜ ਨਾਲ ਅਹਿਮ ਹੈ ਕਿ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟੈਸਲਾ ਨੂੰ ਭਾਰਤ ’ਚ ਹੀ ਬਣੀਆਂ ਕਾਰਾਂ ਦੀ ਵਿਕਰੀ ਦੀ ਮਨਜ਼ੂਰੀ ਦੇਣ ਦੀ ਗੱਲ ਕਹੀ ਸੀ। ਗਡਕਰੀ ਨੇ ਅਪ੍ਰੈਲ ’ਚ ਕਿਹਾ ਸੀ ਕਿ ਜੇ ਟੈਸਲਾ ਭਾਰਤ ’ਚ ਆਪਣੀਆਂ ਇਲੈਕਟ੍ਰਿਕ ਕਾਰਾਂ ਦੇ ਉਤਪਾਦਨ ਲਈ ਤਿਆਰ ਹੈ ਤਾਂ ਉਹ ਇੱਥੇ ਵਿਕਰੀ ਕਰ ਸਕਦੀ ਹੈ। ਦਰਅਸਲ ਭਾਰਤ ਵਿਦੇਸ਼ ’ਚ ਬਣੀਆਂ ਕਾਰਾਂ ਦੀ ਇੰਪੋਰਟ ’ਤੇ ਭਾਰੀ ਟੈਕਸ ਲਗਾਉਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਕੀਮਤ ਕਾਫੀ ਵਧ ਜਾਂਦੀ ਹੈ। ਟੈਸਲਾ ਨੇ ਇਸ ਇੰਪੋਰਟ ਡਿਊਟੀ ’ਚ ਕਟੌਤੀ ਦੀ ਮੰਗ ਰੱਖੀ ਸੀ।

ਇਹ ਵੀ ਪੜ੍ਹੋ : ਦਿਵਿਆਂਗ ਬੱਚੇ ਨਾਲ ਦੁਰਵਿਵਹਾਰ ਦੇ ਮਾਮਲੇ 'ਚ Indigo ਨੂੰ ਲੱਗਾ 5 ਲੱਖ ਰੁਪਏ ਜੁਰਮਾਨਾ

ਮਸਕ ਨੇ ਪਿਛਲੇ ਸਾਲ ਅਗਸਤ ’ਚ ਕਿਹਾ ਸੀ ਕਿ ਟੈਸਲਾ ਭਾਰਤ ’ਚ ਆਪਣੇ ਵਾਹਨਾਂ ਨੂੰ ਵੇਚਣਾ ਚਾਹੁੰਦੀ ਹੈ ਪਰ ਇੱਥੇ ਬਹੁਤ ਜ਼ਿਆਦਾ ਇੰਪੋਰਟ ਡਿਊਟੀ ਲਗਦੀ ਹੈ। ਮਸਕ ਨੇ ਕਿਹਾ ਸੀ ਕਿ ਜੇ ਟੈਸਲਾ ਨੂੰ ਭਾਰਤੀ ਬਾਜ਼ਾਰ ’ਚ ਸਫਲਤਾ ਮਿਲਦੀ ਹੈ ਤਾਂ ਉਹ ਭਾਰਤ ’ਚ ਇਸ ਦਾ ਨਿਰਮਾਣ ਪਲਾਂਟ ਲਗਾਉਣ ਬਾਰੇ ਸੋਚ ਸਕਦੇ ਹਨ। ਫਿਲਹਾਲ ਭਾਰਤ ਵਿਦੇਸ਼ ’ਚ ਬਣੀਆਂ 40,000 ਡਾਲਰ ਤੋਂ ਵੱਧ ਮੁੱਲ ਵਾਲੀਆਂ ਕਾਰਾਂ ਦੇ ਇੰਪੋਰਟ ’ਤੇ 100 ਫੀਸਦੀ ਟੈਕਸ ਲਗਾਉਂਦਾ ਹੈ।

ਸਟਾਰਲਿੰਕ ਨੂੰ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ

ਇਕ ਵਿਅਕਤੀ ਨੇ ਮਸਕ ਨੂੰ ਟਵਿਟਰ ’ਤੇ ਉਨ੍ਹਾਂ ਦੇ ਪ੍ਰਾਜੈਕਟ ਸਟਾਰਲਿੰਕ ਨੂੰ ਲੈ ਕੇ ਵੀ ਸਵਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਸਟਾਰਲਿੰਕ ਦਾ ਸਸਤਾ ਅਤੇ ਤੇਜ਼ ਇੰਟਰਨੈੱਟ ਪੂਰੀ ਦੂਨੀਆ ਨੂੰ ਮੁਹੱਈਆ ਕਰਵਾਉਣ ਦਾ ਵਿਜ਼ਨ ਬਹੁਤ ਹੀ ਸ਼ਾਨਦਾਰ ਹੈ। ਉਨ੍ਹਾਂ ਨੇ ਮਸਕ ਨੂੰ ਸਵਾਲ ਕੀਤਾ ਕਿ ਭਾਰਤ ’ਚ ਇਸ ਦੇ ਇਸਤੇਮਾਲ ਨੂੰ ਲੈ ਕੇ ਕੀ ਅਪਡੇਟ ਹੈ। ਇਸ ਦੇ ਜਵਾਬ ’ਚ ਮਸਕ ਨੇ ਕਿਹਾ ਕਿ ਉਹ ਹਾਲੇ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਕੀ ਬੰਦ ਹੋ ਜਾਣਗੇ 2 ਹਜ਼ਾਰ ਰੁਪਏ ਦੇ ਨੋਟ? ਬਾਜ਼ਾਰ 'ਚੋਂ ਤੇਜ਼ੀ ਨਾਲ ਹੋ ਰਹੇ ਗ਼ਾਇਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur