ਡੀ.ਐੱਚ.ਐੱਫ.ਐੱਲ. ਦੀ ਵਿੱਤੀ ਹਾਲਤ ਖ਼ਰਾਬ, ਦੀਵਾਲੀਆ ਹੋਣ ਦਾ ਡਰ

07/16/2019 2:17:21 AM

ਨਵੀਂ ਦਿੱਲੀ— ਵਿੱਤੀ ਸੰਕਟ ਨਾਲ ਜੂਝ ਰਹੀ ਹਾਊਸਿੰਗ ਫਾਈਨਾਂਸ ਕੰਪਨੀ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ (ਡੀ. ਐੱਚ. ਐੱਫ. ਐੱਲ.) ਦਾ ਸ਼ੇਅਰ ਭਾਰੀ ਗਿਰਾਵਟ ਦੇ ਨਾਲ 29.15 ਫ਼ੀਸਦੀ ਟੁੱਟ ਕੇ 48.50 ਅੰਕ ’ਤੇ ਬੰਦ ਹੋਏ। ਕੰਪਨੀ ਨੇ ਸੋਮਵਾਰ ਨੂੰ ਸਟਾਕ ਐਕਸਚੇਂਜਾਂ ਨੂੰ ਦੱਸਿਆ ਕਿ ਉਸ ਦੇ ਸਟੇਟਮੈਂਟ ਦਾ ਕੁਝ ਹੀ ਹਿੱਸਾ ਨਿਵੇਸ਼ਕਾਂ ਤੱਕ ਪਹੁੰਚਾਇਆ ਗਿਆ ਹੈ। ਯਾਨੀ ਕੰਪਨੀ ਦੀ ਵਿੱਤੀ ਹਾਲਤ ਖ਼ਰਾਬ ਹੋ ਗਈ ਹੈ ਅਤੇ ਹੁਣ ਕੰਪਨੀ ਨੂੰ ਇਸ ਦੇ ਦੀਵਾਲੀਆ ਹੋਣ ਦਾ ਡਰ ਸਤਾ ਰਿਹਾ ਹੈ।

ਸ਼ਨੀਵਾਰ ਨੂੰ ਕੰਪਨੀ ਨੇ ਇਕ ਨੋਟ ’ਚ ਕੰਪਨੀ ਚੇਅਰਮੈਨ ਅਤੇ ਐੱਮ. ਡੀ. ਕਪਿਲ ਵਧਾਵਨ ਨੇ ਕਿਹਾ ਸੀ ਕਿ ਅਜਿਹੇ ਹਾਲਾਤ ’ਚ ਆਪਣਾ ਕਾਰੋਬਾਰ ਜਾਰੀ ਰੱਖਣ ਦੀ ਕੰਪਨੀ ਦੀ ਸਮਰੱਥਾ ’ਤੇ ਸ਼ੱਕ ਪੈਦਾ ਹੋ ਗਿਆ ਹੈ, ਜੋ ਬੇਹੱਦ ਚਿੰਤਾ ਦੀ ਗੱਲ ਹੈ। ਉਨ੍ਹਾਂ ਨੇ 31 ਮਾਰਚ ਨੂੰ ਖਤਮ ਹੋਈ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰਨ ਦੌਰਾਨ ਅਜਿਹਾ ਕਿਹਾ ਸੀ। ਕੰਪਨੀ ਵਲੋਂ ਅਜਿਹੇ ਬਿਆਨ ਨੇ ਨਿਵੇਸ਼ਕਾਂ ’ਚ ਕੰਪਨੀ ਦੇ ਸਰਵਾਈਵਲ ਨੂੰ ਲੈ ਕੇ ਸ਼ੱਕ ਪੈਦਾ ਕਰ ਦਿੱਤਾ ਹੈ, ਜਿਸ ਦਾ ਅਸਰ ਅੱਜ ਕੰਪਨੀ ਦੇ ਸ਼ੇਅਰਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੁਝ ਮੀਡੀਆ ਰਿਪੋਰਟਾਂ ’ਚ ਉਸ ਦੇ ਬਿਆਨ ਦਾ ਚੋਣਵਾਂ ਹਿੱਸਾ ਹੀ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਹੈ, ਜਿਸ ਦੀ ਵਜ੍ਹਾ ਨਾਲ ਨਿਵੇਸ਼ਕ ਘਬਰਾ ਰਹੇ ਹਨ। ਕੰਪਨੀ ਨੇ ਸਪੱਸ਼ਟ ਕੀਤਾ ਕਿ ਮੀਡੀਆ ਨੂੰ ਚਾਹੀਦਾ ਹੈ ਕਿ ਕੰਪਨੀ ਦਾ ਪੂਰਾ ਸਟੇਟਮੈਂਟ ਪੜ੍ਹਿਆ ਜਾਵੇ ਤਾਂ ਕਿ ਤੱਥਾਂ ’ਤੇ ਆਧਾਰਤ ਗੱਲਾਂ ਸਾਹਮਣੇ ਆਉਣ, ਨਾ ਕਿ ਮਾਮਲੇ ਨੂੰ ਸਨਸਨੀਖੇਜ਼ ਕੀਤਾ ਜਾਵੇ।

ਕੰਪਨੀ ਦੇ ਸਪਸ਼ਟੀਕਰਨ ਦੇ ਬਾਵਜੂਦ ਅੱਜ ਇਕ ਵੇਲੇ ਇਸ ਨਾਨ-ਬੈਂਕਿੰਗ ਫਾਈਨਾਂਸ ਕੰਪਨੀ (ਐੱਨ. ਬੀ. ਐੱਫ. ਸੀ.) ਦੇ ਸ਼ੇਅਰ 32 ਫ਼ੀਸਦੀ ਤੱਕ ਡਿੱਗ ਗਏ ਜੋ ਇਨ੍ਹਾਂ ਸ਼ੇਅਰਾਂ ਦੀ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ। ਸ਼ੇਅਰਾਂ ਦੀ ਗਿਰਾਵਟ ਦੇ ਨਾਲ ਇਹ 46.70 ਰੁਪਏ ’ਤੇ ਕਾਰੋਬਾਰ ਕਰਦੇ ਵੇਖੇ ਗਏ ਉਥੇ ਹੀ ਨਿਫਟੀ ’ਤੇ ਵੀ ਸ਼ੇਅਰ ’ਚ 30 ਫ਼ੀਸਦੀ ਦੇ ਆਸਪਾਸ ਦੀ ਗਿਰਾਵਟ ਵੇਖੀ ਗਈ। ਕਾਰੋਬਾਰ ਦੌਰਾਨ 2.15 ਵਜੇ ਕੰਪਨੀ ਦੇ ਸ਼ੇਅਰ 28.83 ਫ਼ੀਸਦੀ ਦੀ ਗਿਰਾਵਟ ਨਾਲ 48.90 ’ਤੇ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਬੀ. ਐੱਸ. ਈ. ’ਤੇ 28.63 ਫ਼ੀਸਦੀ ਹੇਠਾਂ 48.85 ਰੁਪਏ ’ਤੇ ਸਨ, ਜੋ ਬੀ. ਐੱਸ. ਈ. ’ਤੇ 29.15 ਫ਼ੀਸਦੀ ਟੁੱਟ ਕੇ 48.50 ਅੰਕ ’ਤੇ ਬੰਦ ਹੋਏ।

‘ਕਰਜ਼ਦਾਤਿਆਂ ਨੂੰ ਨੁਕਸਾਨ ਨਾ ਹੋਵੇ, ਹਿੱਤਧਾਰਕਾਂ ਦੇ ਨਾਲ ਕੰਮ ਕਰ ਰਹੇ ਹਾਂ’
ਡੀ. ਐੱਚ. ਐੱਫ. ਐੱਲ. ਨੇ ਕਿਹਾ ਕਿ ਉਹ ਕੰਪਨੀ ਦੇ ਸਾਹਮਣੇ ਨਕਦ ਪੈਸੇ ਦੀ ਕਮੀ ਦੇ ਮੁੱਦੇ ਦੇ ਹੱਲ ਨੂੰ ਹਿੱਤਧਾਰਕਾਂ ਅਤੇ ਕਰਜ਼ਦਾਤਿਆਂ ਦੇ ਨਾਲ ਕੰਮ ਕਰ ਰਹੀ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ ’ਚ ਕਿਹਾ ਹੈ ਕਿ ਇਸ ਮੁੱਦੇ ਦਾ ਹੱਲ ਇਸ ਤਰ੍ਹਾਂ ਨਾਲ ਕੀਤਾ ਜਾਵੇਗਾ ਕਿ ਕਰਜ਼ਾ ਦੇਣ ਵਾਲਿਆਂ ਨੂੰ ਕੋਈ ਨੁਕਸਾਨ ਨਾ ਚੁੱਕਣਾ ਪਏ। ਕੰਪਨੀ ਨੇ ਕਿਹਾ, ‘‘ਅਸੀਂ ਹਿੱਤਧਾਰਕਾਂ-ਕਰਜ਼ਦਾਤਿਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਜਿਸ ਦੇ ਨਾਲ ਇਸ ਮੁੱਦੇ ਦਾ ਪੂਰਨ ਹੱਲ ਕੀਤਾ ਜਾ ਸਕੇਗਾ। ਕਰਜ਼ਦਾਤਿਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਅਜਿਹਾ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਮੀਡੀਆ ਦੇ ਇਕ ਵਰਗ ’ਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ਕਿ ਕਰਜ਼ਦਾਤਿਆਂ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ।

Inder Prajapati

This news is Content Editor Inder Prajapati