ਕਿਸਾਨਾਂ ਨੂੰ ਖਾਤੇ 'ਚ ਮਿਲੇਗੀ ਖਾਦ ਸਬਸਿਡੀ, ਇਨਕਮ 'ਚ ਹੋਵੇਗਾ ਵਾਧਾ

04/22/2019 3:24:34 PM

ਨਵੀਂ ਦਿੱਲੀ— ਹੁਣ ਕਿਸਾਨਾਂ ਨੂੰ ਖਾਦ ਸਬਸਿਡੀ ਸਿੱਧੇ ਬੈਂਕ ਖਾਤੇ 'ਚ ਮਿਲੇਗੀ। ਵਿੱਤ ਮੰਤਰਾਲਾ ਤੇ ਨੀਤੀ ਆਯੋਗ ਇਸ ਪ੍ਰਸਤਾਵ 'ਤੇ ਕੰਮ ਕਰ ਰਹੇ ਹਨ। ਲੋਕ ਸਭਾ ਚੋਣਾਂ ਮਗਰੋਂ ਬਣਨ ਵਾਲੀ ਨਵੀਂ ਸਰਕਾਰ 'ਚ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਇਸ ਲਈ ਪੀ. ਐੱਮ. ਕਿਸਾਨ ਯੋਜਨਾ ਤਹਿਤ ਕਿਸਾਨਾਂ ਦਾ ਇਕੱਠਾ ਕੀਤਾ ਡਾਟਾ ਤੇ ਰਿਕਾਰਡਾਂ ਦਾ ਇਸਤੇਮਾਲ ਕੀਤੇ ਜਾਣ ਦੀ ਯੋਜਨਾ ਹੈ।

 

ਸੂਤਰਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾ ਪੀ. ਐੱਮ. ਕਿਸਾਨ ਸਕੀਮ ਦੇ ਨਾਲ-ਨਾਲ ਸੰਬੰਧਤ ਖਾਦ ਸਬਸਿਡੀ ਨੂੰ ਕਿਸਾਨਾਂ ਦੀ ਇਨਕਮ ਦਾ ਹਿੱਸਾ ਬਣਾਉਣਾ ਹੈ। ਇਸ ਯੋਜਨਾ ਤਹਿਤ ਸਿਰਫ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਖਾਤੇ 'ਚ ਹੀ ਸਿੱਧੀ ਖਾਦ ਸਬਸਿਡੀ ਟਰਾਂਸਫਰ ਕੀਤੀ ਜਾਵੇਗੀ, ਯਾਨੀ 5 ਕਿੱਲੇ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਦੇ ਖਾਤੇ 'ਚ ਖਾਦ ਸਬਸਿਡੀ ਮਿਲੇਗੀ। ਸੂਤਰਾਂ ਮੁਤਾਬਕ, ਖਾਦ ਸਬਸਿਡੀ ਯੋਜਨਾ ਨੂੰ ਦੇਸ਼ ਭਰ 'ਚ ਲਾਗੂ ਕਰਨ ਤੋਂ ਪਹਿਲਾਂ ਕੁਝ ਜ਼ਿਲ੍ਹਿਆਂ 'ਚ ਇਸ ਨੂੰ ਟਰਾਇਲ ਪ੍ਰਾਜੈਕਟ ਦੇ ਤੌਰ 'ਤੇ ਸ਼ੁਰੂ ਕੀਤਾ ਜਾਵੇਗਾ।

ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੂੰ ਚਲਾਉਣ 'ਚ ਵੱਡੀਆਂ ਸਮੱਸਿਆਵਾਂ ਵੀ ਹਨ। ਕਿਸਾਨਾਂ ਦੇ ਖਾਤੇ 'ਚ ਖਾਦ ਸਬਸਿਡੀ ਦੀ ਰਕਮ ਇਕੋ ਜਿਹੀ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਖਾਦ ਦੀ ਮਾਤਰਾ ਦਾ ਇਸਤੇਮਾਲ ਪੂਰੇ ਦੇਸ਼ 'ਚ ਵੱਖ-ਵੱਖ ਹੈ। ਪੰਜਾਬ 'ਚ ਇਕ ਕਿਸਾਨ ਤਾਮਿਲਨਾਡੂ ਦੇ ਕਿਸਾਨ ਦੀ ਤੁਲਨਾ 'ਚ ਵੱਧ ਖਾਦ ਦੀ ਵਰਤੋਂ ਕਰਦਾ ਹੈ। ਇਸ ਲਈ ਹਰ ਕਿਸਾਨ ਨੂੰ ਇਕ ਹੀ ਤਰ੍ਹਾਂ ਦੀ ਰਕਮ ਟਰਾਂਸਫਰ ਕਰਨਾ ਸੰਭਵ ਨਹੀਂ ਹੈ। ਖਾਦਾਂ ਦੇ ਵੱਖ-ਵੱਖ ਇਸਤੇਮਾਲ ਨੂੰ ਦੇਖਦੇ ਹੋਏ ਇਸ ਦਾ ਹੱਲ ਤਲਾਸ਼ਣਾ ਹੋਵੇਗਾ, ਫਿਰ ਹੀ ਇਸ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ।