ਯੂ. ਐੱਸ. ਫੈੱਡ ਵੱਲੋਂ ਪਾਲਿਸੀ ਦਰਾਂ 'ਚ ਦੂਜੀ ਵਾਰ 0.25% ਦੀ ਕਟੌਤੀ

09/19/2019 11:24:14 AM

ਵਾਸ਼ਿੰਗਟਨ— ਵਪਾਰ ਯੁੱਧ ਕਾਰਨ ਸੁਸਤ ਹੋ ਰਹੀ ਇਕਨੋਮਿਕ ਰਫਤਾਰ ਨੂੰ ਬੂਸਟ ਦੇਣ ਲਈ ਯੂ. ਐੱਸ. ਫੈਡਰਲ ਰਿਜ਼ਰਵ ਨੇ ਬੁੱਧਵਾਰ ਇੰਟਰਸਟ ਰੇਟ 'ਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਪਰ ਇਹ ਸਪੱਸ਼ਟ ਸੰਕੇਤ ਨਹੀਂ ਦਿੱਤਾ ਕਿ ਅੱਗੇ ਕੀ ਹੋਣ ਜਾ ਰਿਹਾ ਹੈ। ਫੈਡਰਲ ਰਿਜ਼ਰਵ ਨੇ ਇਸ ਸਾਲ ਦੂਜੀ ਵਾਰ ਕਟੌਤੀ ਕੀਤੀ ਹੈ। ਹੁਣ ਫੈੱਡ ਦਾ ਇੰਟਰਸਟ ਰੇਟ 1.75 ਫੀਸਦੀ ਤੇ 2 ਫੀਸਦੀ ਵਿਚਕਾਰ ਹੈ, ਜੋ ਪਹਿਲਾਂ 2 ਫੀਸਦੀ ਤੇ 2.25 ਫੀਸਦੀ ਵਿਚਕਾਰ ਸੀ।



ਯੂ. ਐੱਸ. ਫੈਡਰਲ ਰਿਜ਼ਰਵ ਮੁਖੀ ਜੇਰੋਮ ਪਾਵੇਲ ਨੇ ਪਾਲਿਸੀ ਜਾਰੀ ਕਰਨ ਮਗਰੋਂ ਕਾਨਫਰੰਸ 'ਚ ਕਿਹਾ ਕਿ ਅਮਰੀਕਾ ਦੀ ਆਰਥਿਕਤਾ ਮਜ਼ਬੂਤ ਅਤੇ ਬੇਰੁਜ਼ਗਾਰੀ ਘੱਟ ਰਹੀ ਹੈ ਪਰ ਇਸ ਦੇ ਰਸਤੇ 'ਚ ਜੋਖਮ ਵੀ ਹਨ।
ਜੇਰੋਮ ਦੀ ਅਗਵਾਈ 'ਚ 17 ਨੀਤੀ ਨਿਰਮਾਤਾਵਾਂ 'ਚੋਂ 7 ਨੇ ਇਸ ਸਾਲ ਪਾਲਿਸੀ ਦਰਾਂ 'ਚ 0.25 ਫੀਸਦੀ ਇਕ ਹੋਰ ਕਟੌਤੀ ਦਾ ਸਮਰਥਨ ਕੀਤਾ, ਜਦੋਂ ਕਿ ਇਸ ਦੇ ਉਲਟ ਪੰਜ ਮੈਂਬਰਾਂ ਨੇ ਸਾਲ ਅੰਤ ਤਕ ਦਰਾਂ ਵਧਾਉਣ ਦੀ ਸੰਭਾਵਨਾ ਜਤਾਈ। ਉੱਥੇ ਹੀ, ਬਾਕੀ ਪੰਜ ਨੇ ਦਰਾਂ ਨੂੰ ਪਹਿਲੀ ਵਾਲੀ ਸਥਿਤੀ 'ਤੇ ਬਰਕਰਾਰ ਰੱਖਣ ਦਾ ਸਮਰਥਨ ਕੀਤਾ। ਇਸ ਕਾਰਨ ਬਾਜ਼ਾਰ ਨੂੰ ਅਗਲੀ ਨੀਤੀ ਬਾਰੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲਿਆ ਤੇ ਯੂ. ਐੱਸ. ਬਾਜ਼ਾਰ ਗਿਰਾਵਟ ਦਰਜ ਕਰਨ ਮਗਰੋਂ ਹਲਕੀ ਤੇਜ਼ੀ 'ਚ ਬੰਦ ਹੋਏ। ਡਾਓ ਜੋਂਸ ਨੇ ਜਿੱਥੇ 36.28 ਅੰਕ ਯਾਨੀ 0.1 ਫੀਸਦੀ ਦੀ ਮਜਬੂਤੀ ਦਰਜ ਕੀਤੀ, ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ ਸਪਾਟ ਅਤੇ ਨੈਸਡੈਕ ਕੰਪੋਜ਼ਿਟ 0.1 ਫੀਸਦੀ ਡਿੱਗ ਕੇ ਬੰਦ ਹੋਏ।