ਬਿਨਾਂ ਫਾਸਟੈਗ ਟੋਲ ਪਵੇਗਾ ਮਹਿੰਗਾ, ਦੁੱਗਣਾ ਭਰਨਾ ਪੈ ਸਕਦੈ ਚਾਰਜ

07/20/2019 12:09:56 PM

ਨਵੀਂ ਦਿੱਲੀ— 30 ਨਵੰਬਰ ਤਕ ਗੱਡੀ 'ਤੇ ਫਾਸਟੈਗ ਲਗਵਾ ਲਓ ਕਿਉਂਕਿ ਹੁਣ ਇਸ ਬਿਨਾਂ ਟੋਲ ਪਲਾਜ਼ਾ 'ਤੇ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਭਰਨਾ ਪੈ ਸਕਦਾ ਹੈ। ਸਰਕਾਰ ਨੇ ਇਸ ਸਾਲ ਪਹਿਲੀ ਦਸੰਬਰ ਤੋਂ ਰਾਸ਼ਟਰੀ ਰਾਜਮਾਰਗਾਂ 'ਤੇ ਸਿਰਫ ਫਾਸਟੈਗ ਜ਼ਰੀਏ ਟੋਲ ਭੁਗਤਾਨ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ। ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਦਾ ਕਹਿਣਾ ਹੈ ਕਿ ਇਸ ਸਾਲ 01 ਦਸੰਬਰ ਤੋਂ ਸਾਰੇ ਟੋਲ ਪਲਾਜ਼ਾ ਫਾਸਟੈਗ ਹੋ ਜਾਣਗੇ।

 

 

ਮੰਤਰਾਲਾ ਨੇ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਪੱਤਰ ਲਿਖ ਕੇ ਇਸ ਸੰਬੰਧੀ ਹੁਕਮ ਦਿੱਤੇ ਹਨ। ਹਾਲਾਂਕਿ ਹਰ ਟੋਲ ਪਲਾਜ਼ਾ 'ਤੇ ਇਕ ਹਾਈਬ੍ਰਿਡ ਲੇਨ ਵੀ ਹੋਵੇਗੀ ਜਿਸ 'ਤੇ ਫਾਸਟੈਗ ਤੋਂ ਇਲਾਵਾ ਭੁਗਤਾਨ ਦੇ ਹੋਰ ਬਦਲ ਵੀ ਉਪਲੱਬਧ ਹੋਣਗੇ ਪਰ ਇਹ ਸਿਰਫ ਵੱਡੇ ਵਾਹਨਾਂ ਲਈ ਹੋਵੇਗਾ ਤੇ ਹੌਲੀ-ਹੌਲੀ ਇਨ੍ਹਾਂ ਨੂੰ ਵੀ ਸਿਰਫ ਫਾਸਟੈਗ 'ਚ ਬਦਲ ਦਿੱਤਾ ਜਾਵੇਗਾ।

ਸਰਕਾਰ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ 'ਤੇ ਬਿਨਾਂ ਫਾਸਟੈਗ ਵਾਲੇ ਵਾਹਨ ਵੀ ਲੰਘਦੇ ਹਨ, ਜਿਸ ਕਾਰਨ ਇਸ ਲੇਨ 'ਚ ਭੀੜ ਲੱਗ ਜਾਂਦੀ ਹੈ ਤੇ ਡਿਜੀਟਲ ਪੇਮੈਂਟ ਸਿਸਟਮ ਪ੍ਰਭਾਵਿਤ ਹੋ ਰਿਹਾ ਹੈ। ਦਰਅਸਲ, ਫਾਸਟੈਗ ਵਾਲੀ ਗੱਡੀ ਨੂੰ ਟੋਲ ਪਲਾਜ਼ਾ 'ਤੇ ਪੇਮੈਂਟ ਕਰਨ ਲਈ ਖੜ੍ਹਨਾ ਨਹੀਂ ਪੈਂਦਾ। ਇਸ ਨਾਲ ਜੁੜੇ ਖਾਤੇ 'ਚੋਂ ਆਟੋਮੈਟਿਕ ਫੀਸ ਕੱਟੀ ਜਾਂਦੀ ਹੈ ਪਰ ਟੋਲ 'ਤੇ ਜਿਹੜੀ ਮਰਜ਼ੀ ਗੱਡੀ ਕਿਸੇ ਵੀ ਲੇਨ 'ਚੋਂ ਲੰਘਣ ਨਾਲ ਭੀੜ ਲੱਗ ਰਹੀ ਹੈ। ਇਸ ਕਾਰਨ ਫਾਸਟੈਗ ਵਾਲੇ ਵਾਹਨਾਂ ਨੂੰ ਵੀ ਲਾਈਨ 'ਚ ਖੜ੍ਹਨ ਲਈ ਮਜਬੂਰ ਹੋਣਾ ਪੈਂਦਾ ਹੈ। ਤੁਹਾਡੀ ਗੱਡੀ 'ਤੇ ਫਾਸਟੈਗ ਨਹੀਂ ਹੈ ਤਾਂ ਤੁਸੀਂ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਟੋਲ ਪਲਾਜ਼ਾ, ਭਾਰਤੀ ਸਟੇਟ ਬੈਂਕ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ ਜਾਂ ਆਨਲਾਈਨ ਪਲੇਟਫਾਰਮ ਪੇਟੀਐੱਮ, ਐਮਾਜ਼ੋਨ, ਪੈਟਰੋਲ ਪੰਪਾਂ ਤੋਂ ਇਸ ਨੂੰ ਖਰੀਦ ਸਕਦੇ ਹੋ।