FASTag ਲਾਗੂ ਹੋਣ ਤੋਂ ਪਹਿਲਾਂ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ 'ਚ ਭਾਰੀ ਉਛਾਲ

12/04/2019 3:58:21 PM

ਜਲੰਧਰ, (ਨਰੇਸ਼, ਸੰਜੀਵ ਜੌਹਲ)— ਸਰਕਾਰ ਵੱਲੋਂ ਲਾਜ਼ਮੀ ਤੌਰ 'ਤੇ ਲਾਗੂ ਕੀਤੇ ਜਾ ਰਹੇ ਫਾਸਟੈਗ ਨਾਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਈ. ਟੀ. ਸੀ.) 'ਚ ਪਿਛਲੇ ਦਿਨਾਂ ਤੋਂ ਜ਼ਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ। ਸਭ ਤੋਂ ਵੱਧ ਵਾਧਾ ਪਿਛਲੇ 14 ਦਿਨਾਂ 'ਚ ਦੇਖਣ ਨੂੰ ਮਿਲਿਆ ਹੈ। ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਪ੍ਰੋਗਰਾਮ ਤਹਿਤ ਰਾਜਮਾਰਗਾਂ 'ਤੇ ਕਾਰਾਂ, ਬੱਸਾਂ, ਟਰੱਕਾਂ ਤੇ ਹੋਰ ਚਾਰ-ਪਹੀਏ ਵਾਹਨਾਂ ਲਈ ਫਾਸਟੈਗ ਪਹਿਲਾਂ 1 ਦਸੰਬਰ ਤੋਂ ਲਾਗੂ ਹੋਣ ਵਾਲਾ ਸੀ ਪਰ ਤਕੀਨਕੀ ਕਾਰਨਾਂ ਕਰਕੇ ਇਸ ਦੀ ਤਰੀਕ ਵਧਾ ਕੇ 15 ਦਸੰਬਰ ਕਰ ਦਿੱਤੀ ਗਈ।

ਨਵੰਬਰ 2016 'ਚ ਕੁੱਲ ਟੋਲ ਕੁਲੈਕਸ਼ਨ 'ਚ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਦਾ ਯੋਗਦਾਨ ਸਿਰਫ 2 ਫੀਸਦੀ ਸੀ, ਯਾਨੀ ਸਿਰਫ 2 ਫੀਸਦੀ ਲੋਕ ਹੀ ਫਾਸਟੈਗ ਜ਼ਰੀਏ ਟੋਲ ਟੈਕਸ ਕਟਾ ਰਹੇ ਸਨ ਪਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਨਵੰਬਰ 2019 ਤਕ ਇਹ ਅੰਕੜਾ ਭਾਰੀ ਉਛਾਲ ਨਾਲ 37 ਫੀਸਦੀ ਤਕ ਜਾ ਪੁੱਜਾ, ਜੋ ਭਾਰਤ ਨੂੰ ਨਕਦੀ ਰਹਿਤ ਇਕਨੋਮੀ ਬਣਾਉਣ 'ਚ ਇਕ ਵੱਡਾ ਕਦਮ ਹੈ। ਉੱਥੇ ਹੀ, ਪਿਛਲੇ 14 ਦਿਨਾਂ ਯਾਨੀ 18 ਨਵੰਬਰ 2019 ਤੋਂ 2 ਦਸੰਬਰ 2019 ਤਕ ਦੀ ਗੱਲ ਕਰੀਏ ਤਾਂ ਕੁੱਲ ਟੋਲ ਸੰਗ੍ਰਿਹ 'ਚ ਫਾਸਟੈਗ ਟੋਲ ਕੁਲੈਕਸ਼ਨ 36 ਤੋਂ 46 ਫੀਸਦੀ ਵਧਿਆ ਹੈ। 15 ਦਸੰਬਰ 2019 ਤੋਂ ਪਹਿਲਾਂ ਹੀ ਇਸ ਦੇ 50 ਫੀਸਦੀ ਤੋਂ ਪਾਰ ਹੋ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ, ਯਾਨੀ ਕੁੱਲ ਟੋਲ ਕੁਲੈਕਸ਼ਨ 'ਚ ਫਾਸਟੈਗ ਜਾਂ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਦੀ ਹਿੱਸੇਦਾਰੀ ਅੱਧੀ ਵੱਧ ਜਾਵੇਗੀ।

ਫਾਸਟੈਗ ਟੋਲ ਕੁਲੈਕਸ਼ਨ (ਨਵੰਬਰ-16 ਤੋਂ ਨਵੰਬਰ-19)


2 ਦਸੰਬਰ ਤਕ ਦਿਨ ਵਾਰ ਫਾਸਟੈਗ ਟੋਲ ਕੁਲੈਕਸ਼ਨ


2011 'ਚ ਹੋਈ ਸੀ ਈ. ਟੀ. ਸੀ. ਦੀ ਸਿਫਾਰਸ਼
ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਈ. ਟੀ. ਸੀ.) ਦੀ ਸਫਲਤਾ 'ਚ ਨੰਦਨ ਨੀਲੇਕਣੀ ਕਮੇਟੀ ਦਾ ਮਹੱਤਵਪੂਰਨ ਯੋਗਦਾਨ ਹੈ। 2011 'ਚ ਉਸ ਸਮੇਂ ਦੀ ਸਰਕਾਰ ਨੇ  ਈ. ਟੀ. ਸੀ. 'ਤੇ ਸਿਫਾਰਸ਼ਾਂ ਲਈ ਇਹ ਕਮੇਟੀ ਗਠਨ ਕੀਤੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਰਾਜਨੀਤਕ ਇੱਛਾ ਸ਼ਕਤੀ ਨਾਲ ਇਸ ਨੂੰ ਦੇਸ਼ ਭਰ 'ਚ ਹੁਣ ਪੂਰੀ ਤਰ੍ਹਾਂ ਲਾਗੂ ਕਰਨ ਜਾ ਰਹੀ ਹੈ।


FASTag ਦੇ ਫਾਇਦੇ

  •  ਟੋਲ ਪਲਾਜ਼ਾ 'ਤੇ ਲੰਬੀ ਲਾਈਨ ਤੋਂ ਛੁਟਕਾਰਾ।
  •  ਪੈਟਰੋਲ-ਡੀਜ਼ਲ ਤੇ ਸਮੇਂ ਦੀ ਬਚਤ ਹੋਵੇਗੀ।
  •  ਪੇਮੈਂਟ ਲਈ ਨਕਦੀ ਨਾਲ ਰੱਖਣ ਦੀ ਜ਼ਰੂਰਤ ਨਹੀਂ।
  •  ਵਾਹਨਾਂ ਦੀ ਲਾਈਨ ਘੱਟ ਹੋਣ ਨਾਲ ਪ੍ਰਦੂਸ਼ਣ ਘੱਟ ਹੋਵੇਗਾ।
  •  ਟ੍ਰਾਂਜੈਕਸ਼ਨ 'ਤੇ ਕੁਝ ਬੈਂਕਾਂ ਵੱਲੋਂ ਕੈਸ਼ਬੈਕ ਦਾ ਫਾਇਦਾ।
  •  ਖੁੱਲ੍ਹੇ ਪੈਸੇ ਵਾਪਸ ਲੈਣ ਜਾਂ ਦੇਣ ਦੀ ਚਿੰਤਾ ਨਹੀਂ।



ਕੀ ਹੈ ਫਾਸਟੈਗ ਤੇ ਕਿਵੇਂ ਕੰਮ ਕਰਦਾ ਹੈ?
ਇਹ ਇਕ ਰੀਡੀਓ ਫ੍ਰੀਕਵੈਂਸੀ ਟੈਗ ਹੈ, ਜਿਸ ਨੂੰ ਵਾਹਨ ਦੀ ਵਿੰਡੋ 'ਤੇ ਲਗਾਇਆ ਜਾਂਦਾ ਹੈ, ਤਾਂ ਕਿ ਗੱਡੀ ਜਦੋਂ ਟੋਲ ਤੋਂ ਲੰਘੇ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਯਾਨੀ ਸਕੈਨ ਕਰ ਸਕੇ। ਉੱਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। 15 ਦਸੰਬਰ ਤੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਟੋਲ ਕੁਲੈਕਸ਼ਨ ਸਿਸਟਮ ਲਾਜ਼ਮੀ ਹੋ ਜਾਵੇਗਾ ਤੇ ਜੋ ਕੋਈ ਵੀ ਇਹ ਨਹੀਂ ਲਗਵਾਏਗਾ ਉਸ ਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ। ਹਾਲਾਂਕਿ, ਬਿਨਾਂ ਫਾਸਟੈਗ ਵਾਲੇ ਵਾਹਨਾਂ ਲਈ ਫਿਲਹਾਲ ਟੋਲ ਪਲਾਜ਼ਿਆਂ 'ਤੇ ਇਕ ਹਾਈਬ੍ਰਿਡ ਲੇਨ ਰੱਖੀ ਗਈ ਹੈ ਪਰ ਜਲਦ ਹੀ ਇਨ੍ਹਾਂ ਨੂੰ ਵੀ ਫਾਸਟੈਗ ਲਾਈਨ 'ਚ ਤਬਦੀਲ ਕਰ ਦਿੱਤਾ ਜਾਵੇਗਾ।

ਕਿੱਥੋਂ ਖਰੀਦ ਸਕਦੇ ਹੋ ਤੇ ਕਿਹੜੇ ਕਾਗਜ਼ ਜ਼ਰੂਰੀ?
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਟੋਲ ਪਲਾਜ਼ਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਕਈ ਬੈਂਕ ਅਤੇ ਪੇਟੀਐੱਮ ਤੇ ਐਮਾਜ਼ੋਨ ਤੋਂ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਤੋਂ ਵੀ ਲੈ ਸਕਦੇ ਹੋ। ਇਸ ਲਈ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਫੋਟੋ ਕਾਪੀ, ਗੱਡੀ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ ਤੇ ਆਈ. ਡੀ. ਜ਼ਰੂਰੀ ਹੈ। ਖਰੀਦਦੇ ਸਮੇਂ ਅਸਲ ਕਾਪੀ ਵੀ ਜ਼ਰੂਰ ਨਾਲ ਰੱਖੋ।