ਕਿਸਾਨਾਂ ਨੂੰ ਮਿਲਣ ਜਾ ਰਿਹੈ ਤੋਹਫਾ, 20 ਦਿਨ ''ਚ ਮਿਲੇਗੀ ਦੂਜੀ ਕਿਸ਼ਤ

03/12/2019 2:26:43 PM

ਨਵੀਂ ਦਿੱਲੀ—  ਮੋਦੀ ਸਰਕਾਰ ਦੀ ਸਭ ਤੋਂ ਵੱਡੀ ਯੋਜਨਾ ਤਹਿਤ ਕਿਸਾਨਾਂ ਨੂੰ 2,000 ਰੁਪਏ ਦੀ ਦੂਜੀ ਕਿਸ਼ਤ ਜਲਦ ਹੀ ਮਿਲਣੀ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਕਿਸਾਨ ਯੋਜਨਾ (ਪੀ. ਐੱਮ. ਕਿਸਾਨ) ਤਹਿਤ 2,000 ਰੁਪਏ ਦੀ ਪਹਿਲੀ ਕਿਸ਼ਤ ਦੋ ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤੇ 'ਚ ਟਰਾਂਸਫਰ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ ਹੁਣ ਦੂਜੀ ਕਿਸ਼ਤ ਵੀ 20 ਦਿਨਾਂ ਮਗਰੋਂ ਮਿਲਣੀ ਸ਼ੁਰੂ ਹੋ ਸਕਦੀ ਹੈ।

 

ਪੀ. ਐੱਮ. ਕਿਸਾਨ ਯੋਜਨਾ ਤਹਿਤ, ਪਹਿਲੀ ਕਿਸ਼ਤ ਉਨ੍ਹਾਂ ਕਿਸਾਨਾਂ ਨੂੰ ਮਿਲੀ ਹੈ ਜਿਨ੍ਹਾਂ ਦਾ ਨਾਮ ਸੂਬਾ ਸਰਕਾਰਾਂ ਨੇ ਕਿਸਾਨ ਸੇਵਾ ਪੋਰਟਲ 'ਤੇ ਰਜਿਸਟਰ ਕਰਾ ਦਿੱਤਾ ਸੀ। ਸੂਬਾ ਸਰਕਾਰਾਂ ਨੇ ਪਿੰਡੋ-ਪਿੰਡ ਜਾ ਕੇ ਕਿਸਾਨਾਂ ਦਾ ਨਾਮ, ਮੋਬਾਇਲ ਨੰਬਰ, ਆਧਾਰ ਕਾਰਡ ਨੰਬਰ ਆਦਿ ਦੀ ਲਿਸਟ ਬਣਾ ਕੇ ਖੇਤੀਬਾੜੀ ਵਿਭਾਗ ਨੂੰ ਸੌਂਪੀ ਹੈ। ਹਾਲਾਂਕਿ ਕੁਝ ਸੂਬਾ ਸਰਕਾਰਾਂ ਨੇ ਇਹ ਕੰਮ ਕਰਨ 'ਚ ਰਫਤਾਰ ਹੌਲੀ ਰੱਖੀ ਹੈ। ਜਿਨ੍ਹਾਂ ਕਿਸਾਨਾਂ ਦਾ ਨਾਮ ਪੀ. ਐੱਮ. ਕਿਸਾਨ ਪੋਰਟਲ 'ਤੇ ਰਜਿਸਟਰ ਕਰਾਇਆ ਗਿਆ ਹੈ ਉਨ੍ਹਾਂ ਦੇ ਖਾਤੇ 'ਚ ਪੈਸੇ ਪਹੁੰਚ ਰਹੇ ਹਨ। ਇਸ ਯੋਜਨਾ ਤਹਿਤ ਸਰਕਾਰ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਮਦਦ ਦੇ ਰਹੀ ਹੈ। ਪੰਜ ਏਕੜ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ।
ਸਰਕਾਰ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਪਰਿਭਾਸ਼ਾ 'ਚ ਇਸ ਤਰ੍ਹਾਂ ਦੇ ਕਿਸਾਨ ਪਰਿਵਾਰਾਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ 'ਚ ਪਤੀ-ਪਤਨੀ ਅਤੇ 18 ਸਾਲ ਦੀ ਉਮਰ ਦੇ ਬੱਚੇ ਹੋਣ ਅਤੇ ਉਨ੍ਹਾਂ ਦੀ ਪੰਜ ਏਕੜ ਤਕ ਦੀ ਖੇਤੀ ਵਾਲੀ ਜ਼ਮੀਨ ਹੋਵੇ, ਯਾਨੀ ਪਤੀ-ਪਤਨੀ ਅਤੇ ਬੱਚਿਆਂ ਨੂੰ ਇਕ ਇਕਾਈ ਮੰਨਿਆ ਜਾਵੇਗਾ। ਜਿਨ੍ਹਾਂ ਲੋਕਾਂ ਦੇ ਨਾਮ 1 ਫਰਵਰੀ 2019 ਤਕ ਜ਼ਮੀਨੀ ਰਿਕਾਰਡ 'ਚ ਸਨ, ਉਨ੍ਹਾਂ ਨੂੰ ਪਹਿਲੀ ਕਿਸ਼ਤ ਟਰਾਂਸਫਰ ਕੀਤੀ ਜਾ ਰਹੀ ਹੈ। ਇਸ ਸਕੀਮ ਦਾ ਫਾਇਦਾ ਲੈਣ ਲਈ ਕਿਸਾਨ ਕੋਲ ਜ਼ਮੀਨੀ ਰਿਕਾਰਡ 'ਚ ਨਾਮ, ਆਧਾਰ ਨੰਬਰ, ਬੈਂਕ ਖਾਤਾ ਨੰਬਰ ਅਤੇ ਮੋਬਾਇਲ ਨੰਬਰ ਹੋਣਾ ਜ਼ਰੂਰੀ ਹੈ।


Related News