ਗੁੱਡ ਨਿਊਜ਼ : 24 ਨੂੰ ਲਾਗੂ ਹੋਵੇਗੀ PM ਕਿਸਾਨ, ਖਾਤੇ ''ਚ ਸਿੱਧੇ ਪਹੁੰਚਣਗੇ ਪੈਸੇ

02/14/2019 1:04:14 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਦਾ ਪਹਿਲਾ ਕਦਮ ਫਰਵਰੀ 'ਚ ਹੀ ਉਠਾਉਣ ਜਾ ਰਹੀ ਹੈ। ਜਾਣਕਾਰੀ ਮੁਤਾਬਕ, 24 ਫਰਵਰੀ ਤੋਂ ਕਿਸਾਨਾਂ ਨੂੰ 2,000 ਰੁਪਏ ਦੀ ਪਹਿਲੀ ਕਿਸ਼ਤ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਪਹਿਲੇ ਹੀ ਦਿਨ 50 ਲੱਖ ਤੋਂ ਵਧ ਕਿਸਾਨਾਂ ਨੂੰ ਇਸ ਰਕਮ ਦਾ ਭੁਗਤਾਨ ਕਰ ਦਿੱਤਾ ਜਾਵੇਗਾ।ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਇਕ ਹਾਈ ਪ੍ਰੋਫਾਇਲ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਕੀਮ ਨੂੰ ਰਸਮੀ ਤੌਰ 'ਤੇ ਲਾਗੂ ਕਰਨ ਦੀ ਘੋਸ਼ਣਾ ਕਰਨਗੇ।

ਉੱਥੇ ਹੀ, 31 ਮਾਰਚ ਤਕ ਸਾਰੇ ਲਾਭਪਾਤਰ ਕਿਸਾਨਾਂ ਨੂੰ ਪਹਿਲੀ ਕਿਸ਼ਤ ਮਿਲਣ ਮਗਰੋਂ ਦੂਜੀ ਕਿਸ਼ਤ ਵੀ ਤੁਰੰਤ ਮਿਲੇਗੀ। ਭਾਜਪਾ ਨੂੰ ਉਮੀਦ ਹੈ ਕਿ 'ਪੀ. ਐੱਮ. ਕਿਸਾਨ' ਯੋਜਨਾ ਨਾਲ ਪੇਂਡੂ ਵੋਟਰ ਖੁਸ਼ ਹੋਣਗੇ। ਕਿਸਾਨਾਂ ਦੇ ਖਾਤੇ 'ਚ ਦੂਜੀ ਕਿਸ਼ਤ ਅਪ੍ਰੈਲ 2019 ਦੇ ਪਹਿਲੇ ਹਫਤੇ ਅੰਦਰ ਪਹੁੰਚ ਜਾਵੇਗੀ। ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ ਕਿ 'ਪੀ. ਐੱਮ. ਕਿਸਾਨ' ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ ਤਿੰਨ ਕਿਸ਼ਤਾਂ 'ਚ 6,000 ਰੁਪਏ ਦਿੱਤੇ ਜਾਣਗੇ, ਜਿਸ 'ਚੋਂ 4,000 ਰੁਪਏ ਦੀ ਰਕਮ ਇਸ ਸਾਲ ਅਪ੍ਰੈਲ ਦੇ ਪਹਿਲੇ ਹਫਤੇ ਤਕ ਦੇ ਦਿੱਤੀ ਜਾਵੇਗੀ।
 

ਮੈਗਾ ਕਿਸਾਨ ਸੰਮੇਲਨ 'ਚ ਮੋਦੀ ਦੇਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਗੋਰਖਪੁਰ 'ਚ 23 ਫਰਵਰੀ ਨੂੰ ਸ਼ੁਰੂ ਹੋਣ ਵਾਲੇ ਦੋ ਦਿਨਾਂ ਮੈਗਾ ਕਿਸਾਨ ਸੰਮੇਲਨ 'ਚ ਇਸ ਸਕੀਮ ਨੂੰ ਹਰੀ ਝੰਡੀ ਦੇਣਗੇ। ਅਧਿਕਾਰੀ ਨੇ ਕਿਹਾ ਕਿ ਉਤਰਾਖੰਡ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਨੇ ਕੇਂਦਰ ਸਰਕਾਰ ਨੂੰ ਯੋਗ ਕਿਸਾਨਾਂ ਦਾ ਡਾਟਾ ਭੇਜਣ 'ਚ ਸਭ ਤੋਂ ਵੱਧ ਤੇਜ਼ੀ ਦਿਖਾਈ ਹੈ। ਉਤਰਾਖੰਡ ਹੁਣ ਤੱਕ ਕੇਂਦਰ ਨੂੰ ਡਾਟਾ ਭੇਜਣ ਵਾਲਾ ਸਭ ਤੋਂ ਉਤਸ਼ਾਹੀ ਸੂਬਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰੇਕ ਸੂਬਾ ਯੋਜਨਾ 'ਚ ਹਿੱਸਾ ਲੈ ਰਿਹਾ ਹੈ ਪਰ ਕੁਝ ਨੇ ਸਭ ਤੋਂ ਵੱਧ ਤੇਜ਼ੀ ਨਾਲ ਕੰਮ ਕੀਤਾ ਹੈ। ਯੂ. ਪੀ., ਗੁਜਰਾਤ, ਮਹਾਰਾਸ਼ਟਰ ਅਤੇ ਹਿਮਾਚਲ ਨੇ ਕਿਸਾਨਾਂ ਦੇ ਡਾਟਾਬੇਸ ਦਾ ਇਕ ਵੱਡਾ ਹਿੱਸਾ ਅਪਲੋਡ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡਾਟਾ ਪ੍ਰਾਪਤ ਕਰਨ ਤੋਂ ਬਾਅਦ ਪੈਸੇ ਟ੍ਰਾਂਸਫਰ ਕਰਨ ਲਈ ਸਿਰਫ 48 ਘੰਟੇ ਦੀ ਜ਼ਰੂਰਤ ਹੈ। ਸਰਕਾਰ ਵੱਲੋਂ ਯੋਜਨਾ ਲਾਗੂ ਹੁੰਦੇ ਹੀ ਪਹਿਲੇ ਦਿਨ 50 ਲੱਖ ਤੋਂ ਵੱਧ ਕਿਸਾਨਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ ਜਾਣਗੇ। ਖੇਤੀਬਾੜੀ ਮੰਤਰਾਲਾ ਨੇ ਸੂਬਿਆਂ ਨੂੰ ਪੋਰਟਲ 'ਤੇ ਕਿਸਾਨਾਂ ਦਾ ਨਾਮ, ਉਮਰ, ਲਿੰਗ, ਵਰਗ, ਪਤਾ, ਆਧਾਰ ਨੰਬਰ, ਆਈ. ਐੱਫ. ਐੱਸ. ਸੀ. ਕੋਡ ਅਤੇ ਬੈਂਕ ਖਾਤੇ ਨੂੰ ਅਪਲੋਡ ਕਰਨ ਨੂੰ ਕਿਹਾ ਹੈ।