‘ਗਰਮੀ ਦੇ ਨਾਲ-ਨਾਲ ਸਬਜ਼ੀਆਂ ਨੇ ਦਿਖਾਏ ਤੇਵਰ, 10 ’ਚੋਂ 9 ਪਰਿਵਾਰ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ’

04/13/2022 12:24:20 PM

ਨਵੀਂ ਦਿੱਲੀ–ਇਕ ਨਵੇਂ ਸਰਵੇਖਣ ਮੁਤਾਬਕ ਭਾਰਤ ’ਚ ਹਰ 10 ’ਚੋਂ 9 ਪਰਿਵਾਰ ਪਿਛਲੇ 30 ਦਿਨਾਂ ਤੋਂ ਵਧੇ ਸਬਜ਼ੀਆਂ ਦੀਆਂ ਕੀਮਤਾਂ ਦੀ ਮਾਰ ਝੱਲ ਰਹੇ ਹਨ। ਸਰਵੇਖਣ ਕਰਨ ਵਾਲੇ ‘ਲੋਕਲ ਸਰਕਲਸ’ ਨੇ ਕਿਹਾ ਕਿ ਉਸ ਨੇ ਭਾਰਤ ਦੇ 311 ਜ਼ਿਲਿਆਂ ’ਚ ਰਹਿਣ ਵਾਲੇ ਲੋਕਾਂ ਤੋਂ 11800 ਪ੍ਰਤੀਕਿਰਿਆਵਾਂ ਪ੍ਰਾਪਤ ਕੀਤੀਆਂ ਹਨ। ਸਰਵੇਖਣ ਮੁਤਾਬਕ ਮਾਰਚ ਤੋਂ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਤੋਂ ਲਗਭਗ 87 ਫੀਸਦੀ ਭਾਰਤੀ ਪਰਿਵਾਰ ਪ੍ਰਭਾਵਿਤ ਹਨ।
25-50 ਫੀਸਦੀ ਤੱਕ ਵਧਿਆ ਸਬਜ਼ੀਆਂ ’ਤੇ ਖਰਚਾ
ਇਨ੍ਹਾਂ ’ਚੋਂ 37 ਫੀਸਦੀ ਉੱਤਰਦਾਤਿਆਂ ਨੇ ਕਿਹਾ ਕਿ ਸਬਜ਼ੀਆਂ ’ਤੇ ਉਨ੍ਹਾਂ ਦਾ ਖਰਚਾ 25 ਫੀਸਦੀ ਤੱਕ ਵਧ ਗਿਆ ਹੈ। ‘ਲੋਕਲ ਸਰਕਲਸ’ ਦਾ ਕਹਿਣਾ ਹੈ ਕਿ ਅਧਿਐਨ ’ਚ ਸਾਹਮਣੇ ਆਈਆਂ ਗੱਲਾਂ ਮੁਤਾਬਕ ਪਿਛਲੇ 1 ਮਹੀਨੇ ’ਚ ਕਈ ਸਬਜ਼ੀਆਂ ਦੇ ਰੇਟ ਅਸਮਾਨ ਛੂਹ ਰਹੇ ਹਨ। 36 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਸਬਜ਼ੀਆਂ ’ਤੇ 10-25 ਫੀਸਦੀ ਤੱਕ ਵਧੇਰੇ ਖਰਚ ਕਰ ਰਹੇ ਹਨ। ਉੱਥੇ ਹੀ 14 ਫੀਸਦੀ ਲੋਕਾਂ ਨੇ ਕਿਹਾ ਕਿ ਪਿਛਲੇ ਮਹੀਨੇ ਉਹ ਜਿੰਨੀਆਂ ਸਬਜ਼ੀਆਂ ਖਰੀਦ ਰਹੇ ਸਨ, ਓਨੀਆਂ ਹੀ ਸਬਜ਼ੀਆਂ ਲਈ ਇਸ ਮਹੀਨੇ 0-10 ਫੀਸਦੀ ਤੱਕ ਵਧੇਰੇ ਭੁਗਤਾਨ ਕਰ ਰਹੇ ਹਨ।
ਦੁੱਗਣਾ ਖਰਚ ਕਰ ਰਹੇ ਹਨ ਕਈ ਲੋਕ
ਘੱਟ ਤੋਂ ਘੱਟ 25 ਫੀਸਦੀ ਲੋਕਾਂ ਨੇ ਕਿਹਾ ਕਿ ਸਬਜ਼ੀਆਂ ਦੀ ਬਰਾਬਰ ਮਾਤਰਾ ਲਈ ਉਨ੍ਹਾਂ ਨੂੰ 25 ਤੋਂ 50 ਫੀਸਦੀ ਤੱਕ ਵਧੇਰੇ ਖਰਚ ਕਰਨਾ ਪੈ ਰਿਹਾ ਹੈ। ਉੱਥੇ ਹੀ 5 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਸਬਜ਼ੀਆਂ ਦਾ ਖਰਚ ਮਾਰਚ ਦੇ ਮੁਕਾਬਲੇ 50-100 ਫੀਸਦੀ ਤੱਕ ਵਧ ਗਿਆ ਹੈ। ਸਰਵੇਖਣ ’ਚ ਹਿੱਸਾ ਲੈਣ ਵਾਲੇ 7 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਸਬਜ਼ੀ ਦੀ ਬਰਾਬਰ ਮਾਤਰਾ ਲਈ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ ਦੁੱਗਣਾ ਭੁਗਤਾਨ ਕਰ ਰਹੇ ਹਨ। ਹਾਲਾਂਕਿ 2 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਸਬਜ਼ੀਆਂ ’ਤੇ ਘੱਟ ਖਰਚ ਕਰਨਾ ਪੈ ਰਿਹਾ ਹੈ ਅਤੇ 4 ਫੀਸਦੀ ਲੋਕਾਂ ਮੁਤਾਬਕ ਸਬਜ਼ੀਆਂ ਦੇ ਰੇਟਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। 7 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਪਹਿਲਾਂ ਅਤੇ ਹੁਣ ਦੀਆਂ ਕੀਮਤਾਂ ’ਚ ਫਰਕ ਨਹੀਂ ਕਰ ਪਾ ਰਹੇ ਹਨ। ‘ਲੋਕਲ ਸਰਕਲਸ’ ਦਾ ਕਹਿਣਾ ਹੈ ਕਿ ਇਹ ਸਰਵੇ ਸਿਰਫ ਭਾਰਤੀ ਲੋਕਾਂ ਦਰਮਿਆਨ ਉਨ੍ਹਾਂ ਦੇ ਪਛਾਣ ਪੱਤਰ ਦੇਖਣ ਤੋਂ ਬਾਅਦ ਕੀਤਾ ਗਿਆ ਹੈ। ਸਰਵੇ ’ਚ ਹਿੱਸਾ ਲੈਣ ਵਾਲੇ 64 ਫੀਸਦੀ ਲੋਕ ਮਰਦ ਜਦ ਕਿ 36 ਫੀਸਦੀ ਔਰਤਾਂ ਸਨ। ਇਨ੍ਹਾਂ ’ਚੋਂ 48 ਫੀਸਦੀ ਲੋਕ ਟੀਅਰ-1 ਸ਼ਹਿਰਾਂ ਤੋਂ, 29 ਫੀਸਦੀ ਟੀਅਰ-2 ਸ਼ਹਿਰਾਂ ਤੋਂ ਅਤੇ 23 ਫੀਸੀ ਲੋਕ ਟੀਅਰ-3 ਸ਼ਹਿਰਾਂ ਤੋਂ ਸਨ।


Aarti dhillon

Content Editor

Related News