2021 'ਚ ਸੋਨਾ ਸਸਤਾ ਹੋਣ ਨਾਲ ਜਿਊਲਰਾਂ ਦੇ ਚਿਹਰਿਆਂ 'ਤੇ ਰੌਣਕ, ਖ਼ਰੀਦਦਾਰੀ 'ਚ ਉਛਾਲ

01/18/2021 10:53:35 PM

ਕੋਲਕਾਤਾ- ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਦਸੰਬਰ ਦੇ ਮੁਕਾਬਲੇ ਇਸ ਮਹੀਨੇ ਗਹਿਣਿਆਂ ਦੀ ਮੰਗ ਵਿਚ 10-20 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਲੋਕ ਅਗਲੀ ਤਿਮਾਹੀ ਵਿਚ ਵਿਆਹਾਂ-ਸ਼ਾਦੀਆਂ ਨੂੰ ਲੈ ਕੇ ਖ਼ਰੀਦ ਲਈ ਉਤਸ਼ਾਹਤ ਹੋ ਰਹੇ ਹਨ।

ਇਸ ਸਾਲ ਅਪ੍ਰੈਲ, ਮਈ ਅਤੇ ਜੂਨ ਵਿਚ ਸਭ ਤੋਂ ਵੱਧ ਵਿਆਹ ਦੀਆਂ ਤਾਰੀਖਾਂ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਵਿਆਹ ਜੋ ਕਿ 2020 ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮੁਲਤਵੀ ਕਰ ਦਿੱਤੇ ਗਏ ਸਨ, ਉਹ ਵੀ ਇਸ ਸਮੇਂ ਦੌਰਾਨ ਹੋ ਰਹੇ ਹਨ ਜਿਸ ਨਾਲ ਗਹਿਣਿਆਂ ਦੀ ਮੰਗ ਨੂੰ ਹੁਲਾਰਾ ਮਿਲ ਰਿਹਾ ਹੈ।

ਜਿਊਲਰਾਂ ਦਾ ਕਹਿਣਾ ਹੈ ਕਿ ਦਸੰਬਰ ਵਿਚ ਕੀਮਤਾਂ 50,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵੀ ਵੱਧ ਸਨ, ਜਦੋਂ ਕਿ ਹੁਣ 24 ਕੈਰਟ ਸੋਨੇ ਦੀ ਕੀਮਤ ਲਗਭਗ 48,900 ਰੁਪਏ ਪ੍ਰਤੀ 10 ਗ੍ਰਾਮ ਦੇ ਆਸਪਾਸ ਚੱਲ ਰਹੀ ਹੈ ਅਤੇ ਗਹਿਣਿਆਂ ਨੂੰ ਬਣਾਉਣ ਲਈ ਵਰਤਿਆ ਜਾਂਦਾ 22 ਕੈਰੇਟ ਸੋਨਾ 47,900 ਪ੍ਰਤੀ 10 ਗ੍ਰਾਮ ਦੇ ਨੇੜੇ-ਤੇੜੇ ਘੁੰਮ ਰਿਹਾ ਹੈ। ਇਸ ਲਈ ਦਸੰਬਰ ਦੀ ਤੁਲਨਾ ਵਿਚ ਇਸ ਮਹੀਨੇ ਮੰਗ ਵਿਚ 10-20 ਫ਼ੀਸਦੀ ਦਾ ਵਾਧਾ ਹੋਇਆ ਹੈ।

ਚੇਨੱਈ ਸਥਿਤ ਐੱਨ. ਏ. ਸੀ. ਜਿਊਲਰਜ਼ ਦੇ ਪ੍ਰਬੰਧਕ ਅਨੰਤ ਪਦਮਨਾਭਨ ਨੇ ਈ. ਟੀ. ਨੂੰ ਦੱਸਿਆ, ''ਪਿਛਲੇ ਦਸ ਦਿਨਾਂ ਵਿਚ ਮੰਗ ਮੁੜ ਆਉਣੀ ਸ਼ੁਰੂ ਹੋਈ ਹੈ ਕਿਉਂਕਿ ਟੀਕੇ ਦੇ ਆਉਣ ਨਾਲ ਕੋਰੋਨਾ ਦਾ ਡਰ ਦੂਰ ਹੁੰਦਾ ਜਾ ਰਿਹਾ ਹੈ।'' ਲੋਕਾਂ ਨੇ ਸਟੋਰਾਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵਿਆਹਾਂ ਮੌਸਮ ਲਈ ਆਰਡਰ ਦੇ ਰਹੇ ਹਨ। ਨਾਲ ਹੀ, ਕੀਮਤਾਂ ਵਿਚ ਗਿਰਾਵਟ ਵੀ ਮੰਗ ਵਿਚ ਵਾਧਾ ਕਰਨ ਵਿਚ ਸਹਾਇਤਾ ਕਰ ਰਹੀ ਹੈ। ਅਸੀਂ ਆਪਣੇ ਸਟੋਰਾਂ 'ਤੇ ਦਸੰਬਰ ਦੇ ਮੁਕਾਬਲੇ ਲਗਭਗ 20 ਫ਼ੀਸਦੀ ਵੱਧ ਮੰਗ ਵੇਖ ਰਹੇ ਹਾਂ।" ਗੌਰਤਲਬ ਹੈ ਕਿ ਪਿਛਲੇ ਸਾਲ ਅਗਸਤ ਵਿਚ 57,000 ਰੁਪਏ ਪ੍ਰਤੀ ਦਸ ਗ੍ਰਾਮ ਦੀ ਰਿਕਾਰਡ ਉਚਾਈ ਤੋਂ ਪਹੁੰਚਣ ਪਿੱਛੋਂ ਸੋਨੇ ਦੀਆਂ ਕੀਮਤਾਂ 8,000 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈਆਂ ਹਨ।

Sanjeev

This news is Content Editor Sanjeev