ਫੇਸਬੁੱਕ 'ਤੇ ਦੋਸ਼, ਰੁਜ਼ਗਾਰ ਸੰਬੰਧਤ ਵਿਗਿਆਪਨ 'ਚ ਔਰਤਾਂ ਨਾਲ ਹੁੰਦਾ ਹੈ ਭੇਦਭਾਵ

09/20/2018 11:13:23 AM

ਨਵੀਂ ਦਿੱਲੀ— ਨੌਕਰੀ 'ਤੇ ਰੱਖਦੇ ਸਮੇਂ ਔਰਤਾਂ ਦੇ ਨਾਲ ਕਈ ਤਰ੍ਹਾਂ ਦੇ ਭੇਦਭਾਵ ਕੀਤੇ ਜਾਂਦੇ ਹਨ। ਇਹ ਭੇਦਭਾਵ ਨੌਕਰੀਆਂ ਦੇ ਆਨਲਾਈਨ ਵਿਗਿਆਪਨ 'ਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਵਾਰ ਔਰਤਾਂ ਨੂੰ ਅਪਲਾਈ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਅਜਿਹਾ ਹੀ ਇਕ ਮਾਮਲਾ ਅਮਰੀਕਾ 'ਚ ਸਾਹਮਣੇ ਆਇਆ ਹੈ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏ.ਸੀ.ਐੱਲ.ਯੂ.) ਨੇ ਮੰਗਲਵਾਰ ਨੂੰ ਫੇਸਬੁੱਕ 'ਤੇ ਲਿੰਗ ਦੇ ਆਧਾਰ 'ਤੇ ਨੌਕਰੀਆਂ ਦੇ ਵਿਗਿਆਪਨ ਨੂੰ ਪ੍ਰਕਾਸ਼ਿਤ ਕਰਨ ਲਈ ਉਤਸ਼ਾਹ ਦੇਣ ਦਾ ਦੋਸ਼ ਲਗਾਇਆ ਹੈ।

ਔਰਤਾਂ ਨੇ ਦਰਜ ਕਰਵਾਈ ਸ਼ਿਕਾਇਤ
ਓਹੀਓ, ਪੇਂਸਿਲਵੇਨੀਆ ਅਤੇ ਇਲੀਨਾਯ ਰਾਜਾਂ 'ਚ 3 ਔਰਤਾਂ ਦੁਆਰਾ ਇਹ ਸ਼ਿਕਾਇਤ ਅਮਰੀਕੀ ਬਰਾਬਰ ਰੋਜ਼ਗਾਰ ਅਵਸਰ ਕਮਿਸ਼ਨ (ਈ.ਈ.ਓ.ਸੀ.) ਨੂੰ ਦਰਜ ਕਰਵਾਈ ਗਈ ਹੈ ਜਿਨ੍ਹਾਂ ਨੂੰ ਪਰੰਪਰਾਗਤ ਰੂਪ ਨਾਲ ਪੁਰਸ਼ ਪ੍ਰਧਾਨ ਕੰਮਾਂ ਲਈ ਵਿਗਿਆਪਨ ਨਹੀਂ ਦਿਖਾਏ ਗਏ। ਸ਼ਿਕਾਇਤ 'ਚ 10 ਵੱਖ-ਵੱਖ ਨੌਕਰੀਦਾਤਾਵਾਂ ਨੂੰ ਹਾਈਲਾਈਟ ਕੀਤਾ ਗਿਆ, ਜਿਨ੍ਹਾਂ ਨੇ ਫੇਸਬੁੱਕ 'ਤੇ ਨੌਕਰੀ ਲਈ ਵਿਗਿਆਪਨ ਪੋਸਟ ਕੀਤੇ ਪਰ ਵਿਗਿਆਪਨ ਨੂੰ ਕੰਟਰੋਲ ਕਰਨ ਲਈ ਸੋਸ਼ਲ ਨੈੱਟਵਰਕ ਦੀ ਟੀਚਾ ਪ੍ਰਣਾਲੀ ਦਾ ਇਸਤੇਮਾਲ ਕੀਤਾ। ਜਿਵੇਂ ਇਕ ਨੌਕਰੀ ਲਈ ਪੁਰਸ਼ਾਂ ਨੂੰ ਉਤਸ਼ਾਹ ਦਿੱਤਾ ਗਿਆ ਸੀ ਜਿਨ੍ਹਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਸੀ ਅਤੇ ਜੋ ਫਿਲਾਡੇਲਫੀਆ, ਪੇਂਸਿਲਵੇਨੀਆ ਦੇ ਕੋਲ ਰਹਿੰਦੇ ਸਨ।

ਫੇਸਬੁੱਕ ਨੇ ਦਿੱਤਾ ਇਹ ਜਵਾਬ
ਔਰਤਾਂ ਨੇ ਦਾਅਵਾ ਕੀਤਾ ਹੈ ਕਿ ਇਹ ਨੌਕਰੀ ਵਿਗਿਆਪਨ ਲਿੰਗ ਅਤੇ ਉਮਰ ਭੇਦਭਾਵ 'ਤੇ ਸੰਘੀ ਨਾਗਰਿਕ ਅਧਿਕਾਰ ਕਾਨੂੰਨਾਂ ਦਾ ਉਲੰਘਣ ਕਰਦੇ ਹਨ। ਲਿੰਗ, ਜਾਤੀ ਅਤੇ ਹੋਰ ਸੁਰੱਖਿਅਤ ਲੱਛਣਾਂ ਦੇ ਆਧਾਰ 'ਤੇ ਉਮੀਦਵਾਰਾਂ ਖਿਲਾਫ ਭੇਦਭਾਵ ਕਰਨਾ ਗੈਰਕਾਨੂੰਨੀ ਹੈ। ਫੇਸਬੁੱਕ ਨੇ ਦੋਸ਼ਾਂ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਫੇਸਬੁੱਕ 'ਚ ਭੇਦਭਾਵ ਲਈ ਕੋਈ ਥਾਂ ਨਹੀਂ ਹੈ।