ਮਹਿੰਗਾ ਕਰੂਡ ਭਾਰਤੀ ਅਰਥਵਿਵਸਥਾ ਦਾ ਕਰ ਸਕਦੈ ਪਹੀਆ ਜਾਮ

01/09/2020 12:28:58 PM

ਨਵੀਂ ਦਿੱਲੀ – ਇਰਾਕ ’ਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਈਰਾਨ ਦੇ ਮਿਜ਼ਾਈਲ ਹਮਲੇ ਨਾਲ ਭਾਰਤ ਨੂੰ 2025 ਤੱਕ 5 ਲੱਖ ਕਰੋਡ਼ ਡਾਲਰ ਦੀ ਇਕਾਨਮੀ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਝਟਕਾ ਲੱਗ ਸਕਦਾ ਹੈ। ਭਾਰਤ ਭਾਵੇਂ ਹੀ ਹੁਣ ਈਰਾਨ ਤੋਂ ਕੱਚਾ ਤੇਲ ਨਹੀਂ ਖਰੀਦਦਾ ਹੈ ਪਰ ਈਰਾਨ ਦੇ ਤਾਜ਼ਾ ਹਮਲੇ ਤੋਂ ਬਾਅਦ ਅਮਰੀਕਾ-ਈਰਾਨ ਤਣਾਅ ਹੋਰ ਭੂੰਘਾ ਹੋ ਸਕਦਾ ਹੈ ਅਤੇ ਕੱਚੇ ਤੇਲ ਦੀ ਕੀਮਤ ਹੋਰ ਵਧ ਸਕਦੀ ਹੈ। ਕਰੂਡ ਮਹਿੰਗਾ ਹੋਣ ਨਾਲ ਭਾਰਤੀ ਅਰਥਵਿਵਸਥਾ ਦਾ ਪਹੀਆ ਜਾਮ ਹੋ ਸਕਦਾ ਹੈ।

ਇਕ ਰਿਪੋਰਟ ਮੁਤਾਬਕ ਪਿਛਲੇ 2 ਸਾਲਾਂ ’ਚ ਈਰਾਨ ਨਾਲ ਭਾਰਤ ਦਾ ਕਾਰੋਬਾਰੀ ਸਬੰਧ ਵਧਿਆ ਹੈ। ਕਾਰੋਬਾਰੀ ਸਾਲ 2019 ’ਚ ਭਾਰਤ ਵੱਲੋਂ ਈਰਾਨ ਨੂੰ ਹੋਣ ਵਾਲੀ ਬਰਾਮਦ ’ਚ 18 ਫੀਸਦੀ ਦਾ ਵਾਧਾ ਹੋਇਆ ਹੈ। ਨਾਲ ਹੀ ਈਰਾਨ ਵੱਲੋਂ ਹੋਣ ਵਾਲੀ ਦਾਰਮਦ ’ਚ 20 ਫੀਸਦੀ ਦਾ ਉਛਾਲ ਆਇਆ ਹੈ। ਸਬਜ਼ੀ, ਖੰਡ, ਮਠਿਆਈ, ਚਾਕਲੇਟ ਅਤੇ ਪਸ਼ੂਆਂ ਦੇ ਚਾਰਿਆਂ ਦੀ ਬਰਾਮਦ ’ਚ ਭਾਰੀ ਵਾਧਾ ਹੋਇਆ ਹੈ। ਕਾਰੋਬਾਰੀ ਸਾਲ 2018 ’ਚ ਵੀ ਈਰਾਨ ਨੂੰ ਹੋਣ ਵਾਲੀ ਬਰਾਮਦ ’ਚ 7 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਸੀ। ਈਰਾਨ ਅਤੇ ਅਮਰੀਕਾ ਦਰਮਿਆਨ ਲੜਾਈ ਹੋਣ ਦੀ ਸਥਿਤੀ ’ਚ ਈਰਾਨ ਅਤੇ ਭਾਰਤ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ।

ਵਧੇਗਾ ਕਰੰਟ ਅਕਾਊਂਟ ਡੈਫੀਸਿਟ

ਇਕ ਸਰਵੇ ਅਨੁਸਾਰ ਕਰੂਡ ਦੀਆਂ ਕੀਮਤਾਂ ਹੁਣ 10 ਡਾਲਰ ਵਧਦੀਆਂ ਹਨ ਤਾਂ ਕਰੰਟ ਅਕਾਊਂਟ ਡੈਫੀਸਿਟ 1000 ਕਰੋਡ਼ ਡਾਲਰ ਵਧ ਸਕਦਾ ਹੈ। ਉਥੇ ਹੀ ਇਸ ਨਾਲ ਇਕਾਨਮਿਕ ਗ੍ਰੋਥ ’ਚ 0.2 ਤੋਂ 0.3 ਫੀਸਦੀ ਤੱਕ ਕਮੀ ਆਉਂਦੀ ਹੈ। ਉਥੇ ਹੀ ਸਿੰਗਾਪੁਰ ਦੇ ਡੀ. ਬੀ. ਐੱਸ. ਬੈਂਕਿੰਗ ਗਰੁੱਪ ਅਨੁਸਾਰ ਕਰੂਡ ਦੀਆਂ ਕੀਮਤਾਂ ’ਚ 10 ਫੀਸਦੀ ਵਾਧਾ ਹੋਣ ਨਾਲ ਕਰੰਟ ਅਕਾਊਂਟ ਡੈਫੀਸਿਟ 0.4 ਤੋਂ 0.5 ਫੀਸਦੀ ਤੱਕ ਵਧ ਸਕਦਾ ਹੈ। ਭਾਰਤ ਆਪਣੀ ਜ਼ਰੂਰਤਾਂ ਦਾ ਕਰੀਬ 82 ਫੀਸਦੀ ਕਰੂਡ ਖਰੀਦਦਾ ਹੈ। ਅਜਿਹੇ ’ਚ ਕਰੂਡ ਦੀਆਂ ਕੀਮਤਾਂ ਵਧਣ ਨਾਲ ਦੇਸ਼ ਦਾ ਕਰੰਟ ਅਕਾਊਂਟ ਡੈਫੀਸਿਟ ਵਧ ਸਕਦਾ ਹੈ। ਅਜਿਹੇ ’ਚ ਕਰੂਡ ਲੰਬੇ ਸਮੇਂ ਤੱਕ ਮਹਿੰਗਾ ਰਹਿੰਦਾ ਹੈ ਤਾਂ ਸਰਕਾਰ ਵੱਲੋਂ ਦੇਸ਼ ਦੀ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ।