ਆਰਥਿਕ ਮੰਦੀ ਦੀ ਮਾਰ ਝੇਲ ਰਹੇ ਬਠਿੰਡੇ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਤੋਂ ਇਹ ਹਨ ਉਮੀਦਾਂ

01/31/2019 4:40:33 PM

ਬਠਿੰਡਾ — ਕੇਂਦਰ ਸਰਕਾਰ ਕੱਲ੍ਹ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ ਨੂੰ ਲੈ ਕੇ ਬਠਿੰਡਾ ਦੇ ਪਿੰਡ ਜੋਗਾ ਨੰਦ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਹੋਈਆਂ ਹਨ ਕਿ ਇਹ ਬਜਟ ਉਨ੍ਹਾਂ ਦੇ ਹਿੱਤ 'ਚ ਹੋਵੇਗਾ। ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਪੱਖੋਂ ਉੱਤੇ ਚੁੱਕਣ ਲਈ ਕੇਂਦਰ ਸਰਕਾਰ ਜ਼ਰੂਰ ਤੋਹਫਾ ਦੇਵੇਗੀ। ਖਾਦ ਸਪ੍ਰੇ 'ਤੇ ਲੱਗੀ ਜੀ.ਐੱਸ.ਟੀ. ਜ਼ਰੂਰ ਘੱਟ ਕਰੇਗੀ। ਇਸ ਤੋਂ ਇਲਾਵਾ ਫਸਲਾਂ ਦੀਆਂ ਕੀਮਤਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰੇਗੀ। ਛੋਟੇ ਕਿਸਾਨਾਂ ਨੂੰ ਉਮੀਦ ਹੈ ਕਿ ਆਲੂ ਸਮੇਤ ਹੋਰ ਫਸਲਾਂ ਦੇ ਸਮਰਥਨ ਮੁੱਲ 'ਚ ਵੀ ਵਾਧਾ ਕੀਤਾ ਜਾਵੇਗਾ ਤਾਂ ਜੋ ਛੋਟੇ ਕਿਸਾਨ ਮੰਦੀ ਦਾ ਮਾਰ ਤੋਂ ਬਾਹਰ ਨਿਕਲ ਸਕਣ। ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਲਗਾ ਕੇ ਬੈਠਾ ਦੇਸ਼ ਦਾ ਗਰੀਬ ਕਿਸਾਨ ਉਮੀਦ ਕਰ ਰਿਹਾ ਹੈ ਕਿ ਸਵਾਮੀਨਾਥਨ ਰਿਪੋਰਟ ਲਾਗੂ ਹੋਵੇ, ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇ, ਫਸਲਾਂ ਦੀ ਕੀਮਤਾਂ ਵਿਚ ਵਾਧਾ ਕੀਤਾ ਜਾਵੇ, ਨਰਮੇ ਦੀ ਕੀਮਤ 10000 ਕੀਤੀ ਜਾਵੇ। ਕੇਂਦਰ ਸਰਕਾਰ ਜੇਕਰ ਬਜਟ ਵਿਚ ਕਿਸਾਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਕੰਮ ਕਰੇ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।