ਰੁਪਏ ’ਚ 6-7 ਫ਼ੀਸਦੀ ਅਸਲੀ ਗਿਰਾਵਟ ਦਾ ਅੰਦਾਜ਼ਾ : ਆਈ. ਐੱਮ. ਐੱਫ.

09/19/2018 8:09:28 AM

ਵਾਸ਼ਿੰਗਟਨ— ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਅੈੱਮ. ਅੈੱਫ.) ਦੇ ਮੁਲਾਂਕਣ ਅਨੁਸਾਰ ਦਸੰਬਰ 2017 ਦੇ ਮੁਕਾਬਲੇ ਇਸ ਸਾਲ ਰੁਪਏ ’ਚ 6 ਤੋਂ 7 ਫ਼ੀਸਦੀ ਦੇ ਵਿਚਾਲੇ ਅਸਲੀ ਗਿਰਾਵਟ ਰਹਿ ਸਕਦੀ ਹੈ। ਨਾਲ ਹੀ, ਚਿਤਾਵਨੀ ਦਿੱਤੀ ਕਿ ਇਸ ਕਾਰਨ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਵਰਗੀਆਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧ ਜਾਣਗੀਆਂ, ਜਿਸ ਦੇ ਨਾਲ ਮਹਿੰਗਾਈ ’ਤੇ ਦਬਾਅ ਵਧ ਸਕਦਾ ਹੈ।

ਆਈ. ਐੱਮ. ਐੱਫ. ਦੇ ਬੁਲਾਰੇ ਗੈਰੀ ਰਾਇਸ ਨੇ ਹਾਲ ਦੇ ਮਹੀਨਿਆਂ ’ਚ ਰੁਪਏ ’ਚ ਆਈ ਵੱਡੀ ਗਿਰਾਵਟ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਰੁਪਇਆ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਡਾਲਰ  ਦੇ ਮੁਕਾਬਲੇ ਕਰੀਬ 11 ਫ਼ੀਸਦੀ ਡਿੱਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉੱਭਰਦੇ ਬਾਜ਼ਾਰਾਂ ਸਮੇਤ ਭਾਰਤ ਦੇ ਸਾਰੇ ਵਪਾਰਕ ਹਿੱਸੇਦਾਰ ਦੇਸ਼ਾਂ ਦੀਆਂ ਕਰੰਸੀਆਂ ਵੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਈਆਂ ਹਨ। ਰਾਇਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਲਾਗੂਕਰਨ ਵਰਗੀਆਂ ਰੁਕਾਵਟਾਂ ਤੋਂ ਬਾਅਦ ਮਜ਼ਬੂਤੀ ਨਾਲ ਸੁਧਾਰ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਹਾਲੀਆ ਤਿਮਾਹੀਆਂ ’ਚ ਵਾਧਾ ਦਰ ਕਾਰਮਿਕ ਤੌਰ ’ਤੇ ਖਪਤ ਅਤੇ ਨਿਵੇਸ਼ ਦੋਹਾਂ ’ਚ ਸੁਧਰ ਰਹੀ ਹੈ, ਜਿਸ ਨੇ ਅਰਥਵਿਵਸਥਾ ਦੀ ਮਦਦ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਫਾਇਦਾ ਵੀ ਹੋਇਆ ਹੈ ਅਤੇ ਨੁਕਸਾਨ ਵੀ।