ਨੌਕਰੀਪੇਸ਼ਾ ਲੋਕਾਂ ਲਈ ਨਵੀਂ ਸੇਵਾ ਸ਼ੁਰੂ, ਹੁਣ ਨਹੀਂ ਲਾਉਣੇ ਪੈਣਗੇ ਦਫਤਰਾਂ ਦੇ ਗੇੜੇ

11/22/2017 9:59:56 AM

ਨਵੀਂ ਦਿੱਲੀ— ਹੁਣ ਤੁਹਾਨੂੰ ਯੂ. ਏ. ਐੱਨ. ਲਈ ਦਫਤਰ ਦੇ ਵਾਰ-ਵਾਰ ਗੇੜੇ ਨਹੀਂ ਲਾਉਣੇ ਪੈਣਗੇ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਆਪਣੇ ਮੈਂਬਰਾਂ ਲਈ ਨਵੀਂ ਸੇਵਾ ਸ਼ੁਰੂ ਕੀਤੀ ਹੈ, ਜਿਸ ਤਹਿਤ ਕੋਈ ਵੀ ਆਪਣਾ ਯੂਨੀਵਰਸਲ ਅਕਾਊਂਟ ਨੰਬਰ (ਯੂ. ਏ. ਐੱਨ.) ਬਣਾ ਸਕਦਾ ਹੈ। ਹਾਲਾਂਕਿ ਇਸ ਲਈ ਮੋਬਾਇਲ ਨੰਬਰ ਦਾ ਆਧਾਰ ਨਾਲ ਲਿੰਕ ਹੋਣਾ ਜ਼ਰੂਰੀ ਹੈ। ਇਸ ਦੇ ਬਿਨਾਂ ਯੂ. ਏ. ਐੱਨ. ਨਹੀਂ ਬਣ ਸਕੇਗਾ। ਦੱਸਣਯੋਗ ਹੈ ਕਿ ਪੀ. ਐੱਫ. ਕਢਾਉਣ, ਟਰਾਂਸਫਰ ਕਰਨ ਤੋਂ ਲੈ ਕੇ ਹੋਰ ਕੰਮ ਲਈ ਯੂ. ਏ. ਐੱਨ. ਜ਼ਰੂਰੀ ਹੈ। ਨਵੀਂ ਨੌਕਰੀ ਮਿਲਣ 'ਤੇ ਹੁਣ ਤੁਸੀਂ ਖੁਦ ਕੰਪਨੀ ਨੂੰ ਇਹ ਨੰਬਰ ਦੇ ਸਕਦੇ ਹੋ ਅਤੇ ਪੀ. ਐੱਫ. ਖਾਤਾ ਉਸ ਕੰਪਨੀ 'ਚ ਟਰਾਂਸਫਰ ਹੋ ਜਾਵੇਗਾ। 

ਕਿਸ ਤਰ੍ਹਾਂ ਬਣਾ ਸਕਦੇ ਹੋ ਯੂ. ਏ. ਐੱਨ.?
ਸਭ ਤੋਂ ਪਹਿਲਾਂ ਤੁਸੀਂ https://unifiedportal-mem.epfindia.gov.in/memberinterface/ ਲਿੰਕ ਜ਼ਰੀਏ ਈ. ਪੀ. ਐੱਫ. ਦੇ ਮੈਂਬਰ ਪੋਰਟਲ 'ਤੇ ਜਾਓ। ਇੱਥੇ 'ਡਾਇਰੈਕਟ ਯੂ. ਏ. ਐੱਨ. ਅਲਾਟਮੈਂਟ' 'ਤੇ ਕਲਿੱਕ ਕਰੋ। ਕਲਿੱਕ ਕਰਨ 'ਤੇ ਜੋ ਸਕ੍ਰੀਨ ਸਾਹਮਣੇ ਆਵੇਗੀ, ਉਸ 'ਚ ਤੁਹਾਨੂੰ ਆਧਾਰ ਨੰਬਰ ਭਰਨਾ ਹੋਵੇਗਾ। ਇਸ ਤੋਂ ਬਾਅਦ ਜਨਰੇਟ ਓ. ਟੀ. ਪੀ. 'ਤੇ ਕਲਿੱਕ ਕਰੋ। ਓ. ਟੀ. ਪੀ. ਤੁਹਾਡੇ ਰਜਿਸਟਰਡ ਮੋਬਾਇਲ ਨੰਬਰ 'ਤੇ ਆਵੇਗਾ। ਓ. ਟੀ. ਪੀ. ਲਿਖਣ ਤੋਂ ਬਾਅਦ ਸਬਮਿਟ ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਸਕ੍ਰੀਨ 'ਤੇ ਤੁਹਾਨੂੰ ਆਧਾਰ ਜਾਣਕਾਰੀ ਦਿਖਾਈ ਦੇਵੇਗੀ, ਜਿਵੇਂ ਕਿ ਨਾਮ, ਪਿਤਾ ਦਾ ਨਾਮ ਅਤੇ ਜਨਮ ਤਰੀਕ। ਇਹ ਜਾਣਕਾਰੀ ਵੈਰੀਫਾਈ ਕਰਕੇ ਸਕ੍ਰੀਨ 'ਤੇ ਮੰਗੀ ਦੂਜੀ ਜਾਣਕਾਰੀ ਦੇ ਸਕਦੇ ਹੋ। ਇਸ ਤੋਂ ਬਾਅਦ ਰਜਿਸਟਰ ਬਟਨ 'ਤੇ ਕਲਿੱਕ ਕਰੋ। ਰਜਿਸਟਰ ਬਟਨ 'ਤੇ ਕਲਿੱਕ ਕਰਨ ਦੇ ਨਾਲ ਹੀ ਤੁਹਾਨੂੰ ਯੂ. ਏ. ਐੱਨ. ਮਿਲ ਜਾਵੇਗਾ, ਜਿਸ ਦਾ ਸੰਦੇਸ਼ ਤੁਹਾਨੂੰ ਸਕ੍ਰੀਨ 'ਤੇ ਦਿਖਾਈ ਦੇਵੇਗਾ। 
ਯੂ. ਏ. ਐੱਨ. ਕਿਉਂ ਹੈ ਜ਼ਰੂਰੀ?
ਸੈਂਟਰਲ ਬੋਰਡ ਆਫ ਟਰੱਸਟੀ ਅਤੇ ਈ. ਪੀ. ਐੱਫ. ਓ. ਦੇ ਮੈਂਬਰ ਏ. ਜਗਦੀਸ਼ਵਰ ਰਾਓ ਦਾ ਕਹਿਣਾ ਹੈ ਕਿ ਮੌਜੂਦਾ ਵਕਤ 'ਚ ਪੀ. ਐੱਫ. ਨਾਲ ਜੁੜੇ ਸਾਰੇ ਕੰਮਾਂ ਲਈ ਯੂ. ਏ. ਐੱਨ. ਜ਼ਰੂਰੀ ਹੈ। ਅਜੇ ਸਿਰਫ ਕੰਪਨੀ ਜਾਂ ਦਫਤਰ ਹੀ ਆਪਣੇ ਕਰਮਚਾਰੀ ਦਾ ਯੂ. ਏ. ਐੱਨ. ਜਨਰੇਟ ਕਰ ਸਕਦੇ ਹਨ। ਕੰਪਨੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦੇ ਹੋਏ ਈ. ਪੀ. ਐੱਫ. ਓ. ਨੇ ਵੈੱਬਸਾਈਟ 'ਤੇ ਯੂ. ਏ. ਐੱਨ. ਬਣਾਉਣ ਦੀ ਸੁਵਿਧਾ ਦਿੱਤੀ ਹੈ। ਹੁਣ ਕਰਮਚਾਰੀ ਨੂੰ ਯੂ. ਏ. ਐੱਨ. ਲਈ ਕੰਪਨੀ ਕੋਲ ਨਹੀਂ ਜਾਣਾ ਹੋਵੇਗਾ।