2020 'ਚ ਨਵਾਂ 'ਬੁਲੇਟ' ਪੱਟੇਗਾ ਧੂੜਾਂ, ENFIELD ਦੇਣ ਜਾ ਰਿਹੈ ਇਹ ਸੌਗਾਤਾਂ

12/25/2019 2:49:06 PM

ਮੁੰਬਈ— ENFIELD ਦੇ ਸ਼ੌਕੀਨਾਂ ਨੂੰ ਕੰਪਨੀ ਜਲਦ ਹੀ ਨਵੀਂ ਸੌਗਾਤ ਦੇਣ ਜਾ ਰਹੀ ਹੈ। ਨੌਜਵਾਨਾਂ, ਖਾਸ ਤੌਰ 'ਤੇ ਮਹਿਲਾਵਾਂ ਲਈ ਕੰਪਨੀ ਬਾਜ਼ਾਰ 'ਚ ਸਲਿਮ ਤੇ ਅਰਾਮਦਾਇਕ ਸੀਟਿੰਗ ਮੋਟਰਸਾਈਕਲ ਉਤਾਰਨ ਜਾ ਰਹੀ ਹੈ। ਸਟਾਈਲਿਸ਼ ਹੋਣ ਦੇ ਨਾਲ-ਨਾਲ ਇਨ੍ਹਾਂ ਦਾ ਵਜ਼ਨ ਬੁਲੇਟ ਨਾਲੋਂ ਘੱਟ ਹੋਵੇਗਾ ਹੀ ਤੇ ਸੀਟ ਵੀ ਨੀਂਵੀਂ ਹੋਵੇਗੀ ਤਾਂ ਜੋ ਬਾਈਕ 'ਤੇ ਚੜ੍ਹਨ-ਉਤਰਨ 'ਚ ਸੌਖਾਈ ਹੋਵੇ। ਇੰਨਾ ਹੀ ਨਹੀਂ ਕੀਮਤ ਦੇ ਮਾਮਲੇ 'ਚ ਵੀ ਇਹ ਕਾਫੀ ਸਸਤੇ ਹੋਣਗੇ।
 

ਜਾਣਕਾਰੀ ਮੁਤਾਬਕ, ਕੰਪਨੀ ਮੋਟਰਸਾਈਕਲ ਲਾਂਚ ਕਰਨ ਦੇ ਬੇਹੱਦ ਨਜ਼ਦੀਕ ਹੈ ਤੇ 2020 ਦੀ ਪਹਿਲੀ ਤਿਮਾਹੀ ਯਾਨੀ ਜਨਵਰੀ-ਮਾਰਚ ਦੌਰਾਨ ਇਨ੍ਹਾਂ ਦੀ ਲਾਂਚਿੰਗ ਹੋ ਸਕਦੀ ਹੈ। ਨਵੀਂ ਬਾਈਕਸ ਦਾ ਕੋਡਨੇਮ J1C ਕਿਹਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਬਾਈਕਸ ਦਾ ਨਿਰਮਾਣ ਮਹਿਲਾਵਾਂ ਤੇ ਨੌਜਵਾਨਾਂ ਦੀ ਰਾਇ ਲੈ ਕੇ ਕੀਤਾ ਹੈ।

ਬਾਜ਼ਾਰ 'ਚ ਆਪਣੀ ਖਿਸਕ ਰਹੀ ਜ਼ਮੀਨ ਨੂੰ ਦੇਖਦੇ ਹੋਏ ENFIELD ਨੇ ਇਹ ਨਵੀਂ ਰਣਨੀਤੀ ਬਣਾਈ ਹੈ, ਜਿਸ 'ਚ ਨੌਜਵਾਨਾਂ ਦੇ ਨਾਲ-ਨਾਲ ਮਹਿਲਾਵਾਂ ਨੂੰ ਖਾਸ ਤਵੱਜੋ ਦਿੱਤੀ ਗਈ ਹੈ। ਇਸ ਦਾ ਕਾਰਨ ਹੈ ਕਿ ਬਾਈਕਸ ਦੀ ਵਿਕਰੀ 'ਚ ਮੌਜੂਦਾ ਸਮੇਂ ਮਹਿਲਾਵਾਂ ਦੀ ਹਿੱਸੇਦਾਰੀ ਲਗਾਤਾਰ ਵੱਧ ਰਹੀ ਹੈ ਤੇ ਰਾਇਲ ENFIELD ਦੀ ਪ੍ਰਬੰਧਕੀ ਟੀਮ ਨੇ ਇਹ ਮਹਿਸੂਸ ਕੀਤਾ ਹੈ ਕਿ ਸਿੰਗਲ ਮਾਡਲ (ਕਲਾਸਿਕ 350) ਦੇ ਦਮ 'ਤੇ ਬਾਜ਼ਾਰ 'ਚ ਲੰਮੇ ਸਮੇਂ ਤੱਕ ਟਿਕੇ ਰਹਿਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਪੋਰਟਫੋਲੀਓ 'ਚ ਕੁਝ ਨਵਾਂ ਸ਼ਾਮਲ ਕਰਨਾ ਬਿਹਤਰ ਹੋਵੇਗਾ। 
ਇਕ ਰਿਪੋਰਟ ਮੁਤਾਬਕ, ਭਾਰਤ 'ਚ ਕੁੱਲ 16.11 ਕਰੋੜ ਡਰਾਈਵਿੰਗ ਲਾਇਸੈਂਸ (ਡੀ. ਐੱਲ.) ਹਨ, ਜਿਨ੍ਹਾਂ 'ਚੋਂ ਲਗਭਗ 11 ਫੀਸਦੀ ਡੀ. ਐੱਲ. ਮਹਿਲਾਵਾਂ ਨੂੰ ਜਾਰੀ ਹੋਏ ਹਨ। ਇਸ ਮਾਮਲੇ 'ਚ ਸਭ ਤੋਂ ਸ਼ਿਖਰ 'ਤੇ ਗੋਆ ਹੈ, ਜਿੱਥੇ 23 ਫੀਸਦੀ ਮਹਿਲਾਵਾਂ ਕੋਲ ਡਰਾਈਵਿੰਗ ਲਾਇਸੈਂਸ ਹਨ। ਰੋਡ ਟਰਾਂਸਪੋਰਟ ਬੁੱਕ-2016 ਮੁਤਾਬਕ, ਇਸ ਮੁਕਾਬਲੇ ਚੰਡੀਗੜ੍ਹ 'ਚ 18.47 ਫੀਸਦੀ ਤੇ ਮਹਾਰਾਸ਼ਟਰ 'ਚ 18.28 ਫੀਸਦੀ ਮਹਿਲਾਵਾਂ ਕੋਲ ਡਰਾਈਵਿੰਗ ਲਾਇਸੈਂਸ ਹਨ। ਉੱਥੇ ਹੀ, 2020 'ਚ ਕਲਾਸਿਕ ਮਾਡਲ ਤੇ ਬੁਲੇਟ ਮਾਡਲ ਨੂੰ ਬੀ. ਐੱਸ.-6 'ਚ ਉਤਾਰਨ ਤੋਂ ਪਹਿਲਾਂ ਕੰਪਨੀ ਨੇ ਨਵੀਂ ਜਨਰੇਸ਼ਨ ਦਾ ਥੰਡਰਬਰਡ ਮੋਟਰਸਾਈਕਲ ਵੀ ਲਾਂਚ ਕਰਨ ਦੀ ਯੋਜਨਾ ਬਣਾਈ ਹੈ।


Related News