ਇਨ੍ਹਾਂ ਡ੍ਰਿੰਕਸ ਲਈ ਹੁਣ ਢਿੱਲੀ ਹੋਵੇਗੀ ਜੇਬ, ਲੱਗਣ ਜਾ ਰਿਹੈ 40% ਟੈਕਸ

09/21/2019 3:52:31 PM

ਨਵੀਂ ਦਿੱਲੀ— ਜਲਦ ਹੀ ਬਾਜ਼ਾਰ 'ਚ ਰੈੱਡ ਬੁਲ, ਸਟਿੰਗ ਤੇ ਮੌਨਸਟਰ ਵਰਗੇ ਕੈਫੀਨੇਟਡ ਅਤੇ ਐਨਰਜ਼ੀ ਡ੍ਰਿੰਕਸ ਮਹਿੰਗੇ ਹੋਣ ਜਾ ਰਹੇ ਹਨ। ਸਰਕਾਰ ਨੇ ਕੈਫਿਨ ਡ੍ਰਿੰਕਸ 'ਤੇ ਟੈਕਸ ਵਧਾਉਣ ਦੇ ਨਾਲ-ਨਾਲ ਇਨ੍ਹਾਂ ਉਪਰ ਸੈੱਸ ਵੀ ਲਗਾ ਦਿੱਤਾ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਹੋਈ ਗੁੱਡਜ਼ ਤੇ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਕੌਂਸਲ ਨੇ ਕੈਫਿਨ ਡ੍ਰਿੰਕਸ 'ਤੇ ਜੀ. ਐੱਸ. ਟੀ. 18 ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਹੈ, ਨਾਲ ਹੀ ਇਨ੍ਹਾਂ 'ਤੇ 12 ਫੀਸਦੀ ਸੈੱਸ ਲਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ, ਯਾਨੀ ਇਨ੍ਹਾਂ 'ਤੇ ਪ੍ਰਭਾਵੀ ਟੈਕਸ ਦਰ 40 ਫੀਸਦੀ ਹੋ ਗਈ ਹੈ, ਜੋ ਹੁਣ ਤਕ 28 ਸੀ।

 

 

ਕੈਫੀਨੇਟਡ ਤੇ ਐਨਰਜ਼ੀ ਡ੍ਰਿੰਕਸ 'ਤੇ ਟੈਕਸ ਦਰ ਹੁਣ ਕਾਰਬੋਨੇਟਡ ਡ੍ਰਿੰਕਸ ਦੇ ਬਰਾਬਰ ਹੋ ਗਈ ਹੈ, ਜਿਨ੍ਹਾਂ 'ਤੇ ਪਹਿਲਾਂ ਹੀ 28 ਫੀਸਦੀ ਜੀ. ਐੱਸ. ਟੀ. ਅਤੇ 12 ਫੀਸਦੀ ਸੈੱਸ ਨਾਲ ਕੁੱਲ 40 ਫੀਸਦੀ ਟੈਕਸ ਲੱਗ ਰਿਹਾ ਹੈ।
ਇਕ ਅਨੁਮਾਨ ਮੁਤਾਬਕ, ਕੈਫੀਨੇਟਡ ਐਨਰਜ਼ੀ ਡ੍ਰਿੰਕਸ ਦਾ ਬਾਜ਼ਾਰ ਮੌਜੂਦਾ ਸਮੇਂ 1000 ਕਰੋੜ ਤੋਂ ਵੱਧ ਦਾ ਹੈ। ਇੰਡਸਟਰੀ ਸੂਤਰਾਂ ਨੇ ਕਿਹਾ ਕਿ ਪਹਿਲਾਂ ਹੀ ਇਨ੍ਹਾਂ ਡ੍ਰਿੰਕਸ ਦੀ ਕੀਮਤ 95 ਤੋਂ 100 ਰੁਪਏ ਵਿਚਕਾਰ ਹੈ ਤੇ ਟੈਕਸ ਵਧਣ ਨਾਲ ਕੀਮਤਾਂ 'ਚ ਹੋਰ ਵਾਧਾ ਹੋਵੇਗਾ। ਜੀ. ਐੱਸ. ਟੀ. ਦਰਾਂ 'ਚ ਨਵਾਂ ਵਾਧਾ ਪਹਿਲੀ ਅਕਤੂਬਰ ਤੋਂ ਲਾਗੂ ਹੋਣ ਜਾ ਰਿਹਾ ਹੈ। ਹਾਲਾਂਕਿ, ਸੰਭਾਵਨਾ ਹੈ ਕਿ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕੰਪਨੀਆਂ ਇਨ੍ਹਾਂ ਦੀ ਕੀਮਤ 'ਚ ਤੁਰੰਤ ਵਾਧਾ ਨਾ ਕਰਨ ਅਤੇ ਹੌਲੀ-ਹੌਲੀ ਇਨ੍ਹਾਂ ਦੀਆਂ ਕੀਮਤਾਂ ਨੂੰ ਵਧਾਇਆ ਜਾਵੇ।