ਬੀਤੇ ਵਿੱਤੀ ਸਾਲ ''ਚ ਬਿਜਲੀ ਦੀ ਖਪਤ 9.5 ਫ਼ੀਸਦੀ ਵਧ ਕੇ 1,503.65 ਅਰਬ ਯੂਨਿਟ ''ਤੇ

04/16/2023 4:08:49 PM

ਨਵੀਂ ਦਿੱਲੀ- ਦੇਸ਼ 'ਚ ਬਿਜਲੀ ਦੀ ਖਪਤ ਪਿਛਲੇ ਵਿੱਤੀ ਸਾਲ 2022-23 'ਚ ਸਾਲ-ਦਰ-ਸਾਲ 9.5 ਫ਼ੀਸਦੀ ਵਧ ਕੇ 1,503.65 ਅਰਬ ਯੂਨਿਟ (ਬੀਯੂ) ਹੋ ਗਈ। ਇਸ ਦਾ ਮੁੱਖ ਕਾਰਨ ਆਰਥਿਕ ਗਤੀਵਿਧੀਆਂ 'ਚ ਵਾਧੇ ਦੇ ਵਿਚਕਾਰ ਬਿਜਲੀ ਦੀ ਮੰਗ ਵਧਣਾ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2021-22 'ਚ ਬਿਜਲੀ ਦੀ ਖਪਤ 1,374.02 ਅਰਬ ਯੂਨਿਟ ਸੀ।

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਕੇਂਦਰੀ ਬਿਜਲੀ ਅਥਾਰਟੀ (ਸੀ.ਈ.ਏ) ਦੁਆਰਾ ਜਾਰੀ ਕੀਤੇ ਗਏ ਬਿਜਲੀ ਸਪਲਾਈ ਦੇ ਅੰਕੜਿਆਂ ਦੇ ਅਨੁਸਾਰ, ਇੱਕ ਦਿਨ 'ਚ ਵੱਧ ਤੋਂ ਵੱਧ ਬਿਜਲੀ ਸਪਲਾਈ 2021-22 'ਚ 200.53 ਗੀਗਾਵਾਟ ਤੋਂ ਪਿਛਲੇ ਵਿੱਤੀ ਸਾਲ 'ਚ ਵੱਧ ਕੇ 207.23 ਗੀਗਾਵਾਟ ਹੋ ਗਈ। ਮਾਹਰਾਂ ਦਾ ਮੰਨਣਾ ਹੈ ਕਿ ਚਾਲੂ ਵਿੱਤੀ ਸਾਲ 2023-24 'ਚ ਬਿਜਲੀ ਦੀ ਖਪਤ ਅਤੇ ਮੰਗ 'ਚ ਕਾਫ਼ੀ ਸੁਧਾਰ ਦੇਖਣ ਨੂੰ ਮਿਲੇਗਾ। ਬਿਜਲੀ ਮੰਤਰਾਲੇ ਨੇ ਇਸ ਗਰਮੀ 'ਚ ਬਿਜਲੀ ਦੀ ਮੰਗ 229 ਗੀਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਹੈ। ਮੰਤਰਾਲਾ ਆਯਾਤਿਤ ਕੋਲਾ ਆਧਾਰਿਤ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਦੇ ਨਿਰਦੇਸ਼ ਦੇ ਚੁੱਕਾ ਹੈ।
ਇਸ ਤੋਂ ਇਲਾਵਾ ਮੰਤਰਾਲੇ ਨੇ ਘਰੇਲੂ ਕੋਲਾ-ਅਧਾਰਤ ਪਲਾਂਟਾਂ ਨੂੰ ਗਰਮੀਆਂ 'ਚ ਉੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਮਿਸ਼ਰਣ ਲਈ ਕੋਲਾ ਦਰਾਮਦ ਕਰਨ ਲਈ ਕਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਖਪਤ ਵਧਣ ਤੋਂ ਸਾਫ਼ ਪਤਾ ਲੱਗਦਾ ਹੈ ਕਿ ਦੇਸ਼ 'ਚ ਆਰਥਿਕ ਗਤੀਵਿਧੀਆਂ 'ਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ 'ਚ ਮਾਰਚ 'ਚ ਮੀਂਹ ਨਾ ਪੈਂਦਾ ਤਾਂ ਪਿਛਲੇ ਵਿੱਤੀ ਸਾਲ 'ਚ ਬਿਜਲੀ ਦੀ ਖਪਤ 'ਚ ਵਾਧਾ ਦੋ ਅੰਕਾਂ 'ਚ ਹੁੰਦਾ।

ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਦੇਸ਼ 'ਚ ਮੀਂਹ ਕਾਰਨ ਮਾਰਚ 'ਚ ਬਿਜਲੀ ਦੀ ਮੰਗ ਪ੍ਰਭਾਵਿਤ ਹੋਈ ਹੈ। ਮਾਰਚ 2023 'ਚ ਬਿਜਲੀ ਦੀ ਖਪਤ ਘਟ ਕੇ 126.21 ਅਰਬ ਯੂਨਿਟ ਰਹਿ ਗਈ ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 128.47 ਅਰਬ ਯੂਨਿਟ ਸੀ। ਅਪ੍ਰੈਲ, 2022 ਤੋਂ ਫਰਵਰੀ, 2023 ਤੱਕ ਬਿਜਲੀ ਦੀ ਖਪਤ 2021-22 ਦੇ ਪੱਧਰ ਨੂੰ ਪਾਰ ਕਰ ਗਈ ਸੀ। ਅਪ੍ਰੈਲ 2022 ਤੋਂ ਫਰਵਰੀ 2023 ਤੱਕ ਬਿਜਲੀ ਦੀ ਖਪਤ 1,377.43 ਅਰਬ ਯੂਨਿਟ ਰਹੀ, ਜੋ ਕਿ ਪੂਰੇ ਵਿੱਤੀ ਸਾਲ 2021-22 'ਚ ਦਰਜ ਕੀਤੇ ਗਏ 1,374.02 ਅਰਬ ਯੂਨਿਟ ਤੋਂ ਵੱਧ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 2023-24 'ਚ ਬਿਜਲੀ ਦੀ ਖਪਤ 'ਚ ਵਾਧਾ ਦੋ ਅੰਕ ਯਾਨੀ 10 ਫ਼ੀਸਦੀ ਤੋਂ ਜ਼ਿਆਦਾ ਰਹਿ ਸਕਦਾ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon