ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 5 ਤੋਂ 20 ਰੁਪਏ ਕਿਲੋ ਘਟੀਆਂ

11/06/2021 10:24:47 AM

ਨਵੀਂ ਦਿੱਲੀ (ਭਾਸ਼ਾ) – ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਦੇਸ਼ ਭਰ ਦੇ ਪ੍ਰਮੁੱਖ ਪ੍ਰਚੂਨ ਬਾਜ਼ਾਰਾਂ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ 5-20 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। ਸਰਕਾਰ ਵਲੋਂ ਦਰਾਮਦ ਡਿਊਟੀ ’ਚ ਕਟੌਤੀ ਦੇ ਨਾਲ ਜੋ ਹੋਰ ਉਪਾਅ ਕੀਤੇ ਗਏ ਹਨ, ਉਨ੍ਹਾਂ ਨਾਲ ਖਾਣ ਵਾਲੇ ਤੇਲਾਂ ਦੇ ਰੇਟ ਹੇਠਾਂ ਆਏ ਹਨ। ਅਧਿਕਾਰੀ ਨੇ ਕਿਹਾ ਕਿ ਬ੍ਰਾਂਡੇਡ ਤੇਲ ਕੰਪਨੀਆਂ ਨੇ ਵੀ ਨਵੇਂ ਸਟਾਕ ਲਈ ਦਰਾਂ ’ਚ ਸੋਧ ਕੀਤੀ ਹੈ। ਘਰੇਲੂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਕੌਮਾਂਤਰੀ ਕੀਮਤਾਂ ਮੁਤਾਬਕ ਵਧੀਆਂ ਹਨ। ਇੰਡੋਨੇਸ਼ੀਆ, ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ’ਚ ਜੈਵਿਕ ਬਾਲਣ ਲਈ ਖਾਣ ਵਾਲੇ ਤੇਲਾਂ ਨੂੰ ਵਰਤੋਂ ’ਚ ਲਿਆਉਣ (ਡਾਇਵਰਜ਼ਨ ਕਰਨ) ਤੋਂ ਬਾਅਦ ਖਾਣ ਵਾਲੇ ਤੇਲਾਂ ਦੀ ਉਪਲਬਧਤਾ ਘੱਟ ਹੋਈ ਹੈ, ਜਿਸ ਨਾਲ ਕੀਮਤਾਂ ’ਚ ਵਾਧਾ ਹੋਇਆ ਹੈ।

ਪਾਂਡੇ ਨੇ ਕਿਹਾ ਕਿ ਸਰਕਾਰ ਨੇ ਖਪਤਕਾਰਾਂ ਨੂੰ ਉੱਚ ਕੀਮਤਾਂ ਤੋਂ ਰਾਹਤ ਯਕੀਨੀ ਕਰਨ ਲਈ ਕਈ ਕਦਮ ਚੁੱਕੇ ਹਨ। ਅਸੀਂ 67 ਕੇਂਦਰਾਂ ’ਚ ਇਸ ਦੇ ਅਸਰ ਨੂੰ ਸਾਂਝਾ ਕਰ ਕੇ ਖੁਸ਼ ਹਾਂ। ਦੇਸ਼ ਭਰ ਦੇ ਪ੍ਰਮੁੱਖ ਪ੍ਰਚੂਨ ਬਾਜ਼ਾਰਾਂ ’ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ 5 ਤੋਂ 20 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦੇ ਘੇਰੇ ’ਚ ਲੋੜੀਂਦੀ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਦਾਹਰਣ ਲਈ ਦਿੱਲੀ ’ਚ ਪ੍ਰਚੂਨ ਪਾਮ ਤੇਲ ਦੀ ਕੀਮਤ 5 ਰੁਪਏ ਘਟ ਕੇ 133 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜਦ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਇਹ 18 ਰੁਪਏ ਡਿੱਗ ਕੇ 122 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜਦ ਕਿ ਤਾਮਿਲਨਾਡੂ ਦੇ ਕੁੱਡਾਲੋਰ ’ਚ ਇਹ 7 ਰੁਪਏ ਘਟ ਕੇ 125 ਰੁਪਏ ਕਿਲੋ ਰਹਿ ਗਈ।

ਉਨ੍ਹਾਂ ਨੇ ਕਿਹਾ ਕਿ ਮੂੰਗਫਲੀ ਤੇਲ ਦੀਆਂ ਪ੍ਰਚੂਨ ਕੀਮਤਾਂ ’ਚ ਵੀ 5-10 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ ਜਦ ਕਿ ਸੋਇਆਬੀ ਤੇਲ ’ਚ 5-11 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੂਰਜਮੁਖੀ ਦੇ ਤੇਲ ਦੀਆਂ ਕੀਮਤਾਂ ’ਚ 31 ਅਕਤੂਬਰ ਤੋਂ 3 ਤੇਲਾਂ ਦੀਆਂ ਪ੍ਰਚੂਨ ਕੀਮਤਾਂ ’ਚ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। ਸਰਕਾਰ ਦੇਸ਼ ਭਰ ਦੇ 167 ਕੇਂਦਰਾਂ ’ਚੋਂ 6 ਖਾਣ ਵਾਲੇ ਤੇਲਾਂ ਦੀਆਂ ਪ੍ਰਚੂਨ ਕੀਮਤਾਂ ਦੀ ਨਿਗਰਾਨੀ ਕਰਦੀ ਹੈ।

ਸਰ੍ਹੋਂ ਦੀ ਮੌਜੂਦਾ ਬਿਜਾਈ ਪਿਛਲੇ ਸਾਲ ਦੀ ਤੁਲਨਾ ’ਚ ਬਿਹਤਰ

ਸਰ੍ਹੋਂ ਦੇ ਤੇਲ ਬਾਰੇ ਸਕੱਤਰ ਨੇ ਕਿਹਾ ਕਿ ਅਸੀਂ ਕੀਮਤਾਂ ’ਚ ਜ਼ਿਕਰਯੋਗ ਕਮੀ ਨਹੀਂ ਦੇਖੀ ਹੈ ਪਰ ਦਰਾਮਦ ਡਿਊਟੀ ਨੂੰ ਤਰਕਸੰਗਤ ਬਣਾਉਣ ਸਮੇਤ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦਾ ਅਸਰ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਤੇ ਵੀ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਚ ਵੀ ਗਿਰਾਵਟ ਦਾ ਰੁਝਾਣ ਦੇਖਣ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਰ੍ਹੋਂ ਦੀ ਮੌਜੂਦਾ ਬਿਜਾਈ ਪਿਛਲੇ ਸਾਲ ਦੀ ਤੁਲਨਾ ’ਚ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ ਹਾੜ੍ਹੀ ਦੀ ਫਸਲ ਸਰ੍ਹੋਂ ਦੀ ਬਿਜਾਈ ਦਾ ਰਕਬਾ ਇਕ ਸਾਲ ਪਹਿਲਾਂ ਦੀ ਮਿਆਦ ਦੀ ਤੁਲਨਾ ’ਚ 11 ਫੀਸਦੀ ਬਿਹਤਰ ਹੈ।

ਤਿਓਹਾਰੀ ਸੀਜ਼ਨ ’ਚ ਗਾਹਕਾਂ ਨੂੰ ਰਾਹਤ ਦੇਣ ਲਈ ਚੁੱਕੇ ਕਦਮ

ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਸਰਕਾਰ ਨੇ ਪਾਮ ਆਇਲ, ਸਨਫਲਾਵਰ ਆਇਲ ਅਤੇ ਸੋਇਆਬੀਨ ਆਇਲ ’ਤੇ ਦਰਾਮਦ ਡਿਊਟੀ ਨੂੰ ਵੀ ਤਰਕਸੰਗਤ ਬਣਾਇਆ ਹੈ। ਅਡਾਨੀ ਵਿਲਮਰ ਅਤੇ ਰੁਚੀ ਇੰਡਸਟ੍ਰੀਜ਼ ਸਮੇਤ ਖਾਣ ਵਾਲੇ ਤੇਲ ਵੇਚਣ ਵਾਲੇ ਪਲੇਅਰਸ ਨੇ ਥੋਕ ਰੇਟ ’ਚ ਪ੍ਰਤੀ ਲਿਟਰ 4-7 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਤਿਓਹਾਰੀ ਸੀਜ਼ਨ ’ਚ ਗਾਹਕਾਂ ਨੂੰ ਰਾਹਤ ਦੇਣ ਲਈ ਇਹ ਕਦਮ ਚੁੱਕੇ ਗਏ।

Harinder Kaur

This news is Content Editor Harinder Kaur