ED ਨੇ ਸੂਰਤ ਦੀ ਕੰਪਨੀ ਦੀਆਂ 6,000 ਗੱਡੀਆਂ ਨੂੰ ਕੀਤਾ ਕੁਰਕ

06/19/2019 12:24:15 PM

ਨਵੀਂ ਦਿੱਲੀ — ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੂਰਤ ਦੀ ਇਕ ਕੰਪਨੀ ਅਤੇ ਉਸਦੇ ਮਾਲਕਾਂ ਦੇ ਖਿਲਾਫ ਬੈਂਕ ਕਰਜ਼ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ 'ਚ ਕਰੀਬ 1,610 ਕਰੋੜ ਰੁਪਏ ਦੀ 6,000 ਤੋਂ ਜ਼ਿਆਦਾ ਗੱਡੀਆਂ ਕੁਰਕ ਕੀਤੀਆਂ ਹਨ। ਜਾਂਚ ਏਜੰਸੀਆਂ ਨੇ ਸਿੱਧੀ ਵਿਨਾਇਕ ਲੌਜਿਸਟਿਕ ਲਿਮਟਿਡ(SVLL) ਅਤੇ ਉਸਦੇ ਨਿਰਦੇਸ਼ਕ ਰੂਪਚੰਦਰ ਬੈਦ ਦੇ ਖਿਲਾਫ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ(PMLA) ਦੇ ਤਹਿਤ ਜਾਇਦਾਦ ਕੁਰਕ ਕਰਨ ਲਈ ਅਸਥਾਈ ਆਦੇਸ਼ ਜਾਰੀ ਕੀਤਾ ਗਿਆ।

ਇਨਫੋਸਮੈਂਟ ਡਾਇਰੈਕਟੋਰੇਟ ਨੇ ਬੈਂਕ ਆਫ ਮਹਾਰਾਸ਼ਟਰ ਕਰਜ਼ ਧੋਖਾਧੜੀ ਮਾਮਲੇ ਵਿਚ ਗਲਤ ਤਰੀਕੇ ਨਾਲ ਕਮਾਏ 836.29 ਕਰੋੜ ਰੁਪਏ ਦੇ ਕਾਲੇਧਨ ਨੂੰ ਸਫੈਦ ਬਣਾਉਣ ਦੇ ਮਾਮਲੇ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਬੈਦ ਨੂੰ ਇਸ ਤੋਂ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ। ਹਾਲੀਆ ਆਦੇਸ਼ ਦੇ ਤਹਿਤ 1,609.78 ਕਰੋੜ ਦੇ 6,170 ਵਾਹਨ ਕੁਰਕ ਕੀਤੇ ਗਏ ਹਨ। 

ਕੇਂਦਰੀ ਜਾਂਚ ਏਜੰਸੀ ਨੇ ਇਸ ਤੋਂ ਪਹਿਲਾਂ ਜੂਨ 2017 ਵਿਚ 19 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਕੁਰਕ ਕੀਤੀ ਸੀ। ਈ.ਡੀ. ਨੇ ਦੱਸਿਆ ਕਿ ਉਸਨੇ ਸੀ.ਬੀ.ਆਈ. ਦੀ ਐਫ.ਆਈ.ਆਰ. ਦੇ ਆਧਾਰ 'ਤੇ ਕੰਪਨੀ ਅਤੇ ਉਸਦੇ ਨਿਰਦੇਸ਼ਕਾਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੈਂਕਾਂ ਤੋਂ 'ਚਾਲਕ ਤੋਂ ਮਾਲਿਕ' ਵਰਗੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕਰਜ਼ਾ ਲਿਆ ਗਿਆ। ਇਸ ਵਿਚ ਕਰਜ਼ਾ ਕੰਪਨੀ ਦੇ ਚਾਲਕਾਂ ਅਤੇ ਕਰਮਚਾਰੀਆਂ ਦੇ ਨਾਮ 'ਤੇ ਪੁਰਾਣੇ ਅਤੇ ਨਵੇਂ ਵਾਹਨਾਂ ਦੀ ਖਰੀਦ ਨੂੰ ਲੈ ਕੇ ਲਿਆ ਗਿਆ। ਜਾਂਚ ਏਜੰਸੀਆਂ ਨੇ ਕਿਹਾ ਕਿ ਕਰਜ਼ੇ ਦਾ ਇਸਤੇਮਾਲ ਉਸ ਕੰਮ ਲਈ ਨਹੀਂ ਕੀਤਾ ਗਿਆ ਜਿਸ ਲਈ ਇਹ ਰਕਮ ਲਈ ਗਈ ਸੀ। ਇਸ ਨੂੰ ਸਬੰਧਿਤ ਇਕਾਈਆਂ ਅਤੇ ਐਸ.ਵੀ.ਐਲ.ਐਲ. ਖਾਤਿਆਂ ਦੇ ਜ਼ਰੀਏ ਠਿਕਾਣੇ ਲਗਾਇਆ ਗਿਆ ਅਤੇ ਬਾਅਦ ਵਿਚ ਵਿਅਕਤੀਗਤ, ਕੰਪਨੀ ਖਰਚ ਅਤੇ ਪੁਰਾਣੇ ਕਰਜ਼ਿਆਂ ਦੇ ਭੁਗਤਾਨ 'ਚ ਇਸ ਰਾਸ਼ੀ ਦੀ ਵਰਤੋਂ ਕੀਤੀ ਗਈ।