ਮੁੰਬਈ ’ਚ ਪ੍ਰਾਪਰਟੀ ਹੋ ਸਕਦੀ ਹੈ ਸਸਤੀ, ਕੀਮਤਾਂ ਡਿੱਗਣ ਦਾ ਖਦਸ਼ਾ

12/11/2019 7:57:41 AM

ਮੁੰਬਈ— ਆਰਥਿਕ ਨਰਮੀ ਦਾ ਅਸਰ ਦੇਸ਼ ਦੇ ਸਭ ਤੋਂ ਮਹਿੰਗੇ ਪ੍ਰਾਪਰਟੀ ਬਾਜ਼ਾਰ ਮੁੰਬਈ ’ਤੇ ਵੀ ਪੈਣ ਦਾ ਖਦਸ਼ਾ ਹੈ। ਅੰਦਾਜ਼ਾ ਹੈ ਕਿ ਅਗਲੇ ਸਾਲ ਮੁੰਬਈ ’ਚ ਪ੍ਰਾਪਰਟੀ ਦੀਆਂ ਕੀਮਤਾਂ ’ਚ ਮਾਮੂਲੀ ਗਿਰਾਵਟ ਆ ਸਕਦੀ ਹੈ। 2019 ’ਚ ਕੀਮਤਾਂ ਸਥਿਰ ਸਨ। ਇਸ ਸਾਲ ਸਤੰਬਰ ਤੱਕ 2.21 ਲੱਖ ਤਿਆਰ (ਰੈਡੀ-ਟੂ-ਮੂਵ ) ਇਕਾਈਆਂ ਨਾ ਵਿਕਣ ਦੇ ਬਾਵਜੂਦ ਮੁੰਬਈ ਦੇ ਰੀਅਲ ਅਸਟੇਟ ਬਾਜ਼ਾਰ ਨੂੰ ਕੀਮਤ ਦੇ ਮਾਮਲੇ ’ਚ ਸਥਿਰ ਮੰਨਿਆ ਜਾਂਦਾ ਹੈ। ਪਿਛਲੇ ਇਕ ਦਹਾਕੇ ’ਚ ਮੁੰਬਈ ਦੇ ਪ੍ਰਮੁੱਖ ਸਥਾਨਾਂ ਦੀ ਰਿਹਾਇਸ਼ੀ ਪ੍ਰਾਪਰਟੀ ਦੇ ਮੁੱਲ ’ਚ 12.7 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ।

ਜ਼ਮੀਨ-ਜਾਇਦਾਦ ਨਾਲ ਜੁਡ਼ੀ ਸਲਾਹ ਦੇਣ ਵਾਲੀ ਫਰਮ ਨਾਈਟ ਫਰੈਂਕ ਦੇ ਅਧਿਐਨ ਮੁਤਾਬਕ ਮੁੰਬਈ ’ਚ ਪ੍ਰਮੁੱਖ ਸਥਾਨਾਂ ਦੀਆਂ ਰਿਹਾਇਸ਼ੀ ਪ੍ਰਾਪਰਟੀ ਦਾ ਔਸਤ ਪੂੰਜੀ ਮੁੱਲ 64,775 ਰੁਪਏ ਪ੍ਰਤੀ ਵਰਗ ਫੁੱਟ ਹੈ, ਜੋ ਇਸ ਨੂੰ ਆਲੀਸ਼ਾਨ ਘਰ ਖਰੀਦਣ ਦੇ ਮਾਮਲੇ ’ਚ ਸਭ ਤੋਂ ਮਹਿੰਗਾ ਸ਼ਹਿਰ ਬਣਾਉਂਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਫਪਰੇਡ, ਨੇਪੀਅਨ ਸੀ ਰੋਡ, ਕੋਲਾਬਾ, ਲੋਅਰ ਪਰੇਲ, ਵਰਲੀ, ਤਾਰਦੇਵ, ਜੁਹੂ, ਬਾਂਦ੍ਰਾ ਕੁਰਲਾ ਕੰਪਲੈਕਸ (ਬੀ. ਕੇ. ਸੀ.), ਸਾਂਤਾਕਰੂਜ (ਪੱਛਮ), ਬਾਂਦਰਾ (ਪੱਛਮ), ਖਾਰ (ਪੱਛਮ) ਅਤੇ ਪ੍ਰਭਾਦੇਵੀ ਵਰਗੇ ਖੇਤਰਾਂ ’ਚ ਆਲੀਸ਼ਾਨ ਘਰਾਂ ਦੀਆਂ ਕੀਮਤਾਂ ’ਚ 2020 ’ਚ 1 ਫੀਸਦੀ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਆਲੀਸ਼ਾਨ ਘਰਾਂ ਦੀਆਂ ਕੀਮਤਾਂ ’ਚ ਉਮੀਦ ਮੁਤਾਬਕ ਵਾਧੇ ਦੇ ਮਾਮਲੇ ’ਚ ਮੁੰਬਈ ਵਿਸ਼ਵ ਪੱਧਰ ’ਤੇ 7ਵੇਂ ਸਥਾਨ ’ਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁੰਬਈ ’ਚ ਪ੍ਰਮੁੱਖ ਥਾਵਾਂ ’ਤੇ ਸਥਿਤ ਰਿਹਾਇਸ਼ੀ ਪ੍ਰਾਪਰਟੀ ਦੀ ਮੰਗ ਅਤੇ ਵਿਕਰੀ ਦੋਵਾਂ ’ਚ ਅਗਲੇ ਸਾਲ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ, ਜਦੋਂਕਿ ਆਲੀਸ਼ਾਨ ਘਰਾਂ ਦੀ ਸਪਲਾਈ ’ਚ ਕਾਫੀ ਕਮੀ ਆਉਣ ਦਾ ਵੀ ਅੰਦਾਜ਼ਾ ਹੈ।