ਕੋਵਿਡ-19 : 60 ਸਾਲਾਂ 'ਚ ਪਹਿਲੀ ਵਾਰ 2020 'ਚ ਏਸ਼ੀਆ ਦੀ ਵਿਕਾਸ ਦਰ ਰਹੇਗੀ ਜ਼ੀਰੋ ਫੀਸਦੀ

04/16/2020 5:06:08 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਸਾਲ ਏਸ਼ੀਆ ਦੀ ਆਰਥਿਕ ਵਾਧਾ ਦਰ ਜ਼ੀਰੋ ਰਹਿ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਪਿਛਲੇ 60 ਸਾਲ ਦਾ ਸਭ ਤੋਂ ਬੁਰਾ ਪ੍ਰਦਰਸ਼ਨ ਹੋਵੇਗਾ। ਕੌਮਾਂਤਰੀ ਮੁਦਰਾ ਫੰਡ ਨੇ ਇਹ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਆਈ. ਐੱਮ. ਐੱਫ. ਦਾ ਇਹ ਵੀ ਮੰਨਣਾ ਹੈ ਕਿ ਗਤੀਵਿਧੀਆਂ ਦੇ ਸੰਦਰਭ ਵਿਚ ਹੋਰ ਖੇਤਰਾਂ ਦੇ ਮੁਕਾਬਲੇ ਹੁਣ ਵੀ ਏਸ਼ੀਆ ਬਿਹਤਰ ਸਥਿਤੀ ਵਿਚ ਹੈ। ਇਕ ਵਰਚੁਅਲ ਪ੍ਰੈੱਸ ਕਾਨਫਰੰਸ ਵਿਚ ਆਈ. ਐੱਮ. ਐੱਫ. ਦੇ ਏਸ਼ੀਆ ਐਂਡ ਪੈਸੀਫਿਕ ਵਿਭਾਗ ਦੇ ਡਾਇਰੈਕਟਰ ਚਾਂਗਯੋਂਗ ਰੀ ਨੇ ਕਿਹਾ ਕਿ ਅਜਿਹਾ ਸੰਕਟ ਇਸ ਤੋਂ ਪਹਿਲਾਂ ਕਦੇ ਨਹੀਂ ਆਇਆ। ਇਹ ਵਿਸ਼ਵ ਵਿੱਤੀ ਸੰਕਟ ਤੋਂ ਵੀ ਬੁਰਾ ਹੈ। ਇਸ ਖੇਤਰ ਵਿਚ ਵਿਸ਼ਵ ਵਿੱਤੀ ਸੰਕਟ ਸਮੇਂ ਵਿਕਾਸ ਦਰ 4.7 ਫੀਸਦੀ ਤੇ ਏਸ਼ੀਅਨ ਵਿੱਤੀ ਸੰਕਟ ਸਮੇਂ ਵਿਕਾਸ ਦਰ 1.3 ਫੀਸਦੀ ਰਹੀ ਸੀ।

1.9 ਫੀਸਦੀ ਰਹਿ ਸਕਦੀ ਹੈ ਭਾਰਤ ਦੀ ਵਿਕਾਸ ਦਰ
ਉੱਥੇ ਹੀ, ਇਸ ਸਾਲ ਗਲੋਬਲ ਅਰਥਵਿਵਸਥਾ ਵਿਚ 3 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਆਈ. ਐੱਮ. ਐੱਫ. ਮੁਤਾਬਕ, ਏਸ਼ੀਆ ਦੇ ਦੋ ਵੱਡੇ ਵਪਾਰਕ ਸਾਥੀ ਅਮਰੀਕਾ ਤੇ ਯੂਰਪ ਦੀ ਵਿਕਾਸ ਦਰ ਵਿਚ ਕ੍ਰਮਵਾਰ 6 ਫੀਸਦੀ ਤੇ 6.6 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਇਸ ਸਾਲ ਚੀਨ ਦੀ ਆਰਥਿਕ ਦਰ ਵੀ 2019 ਦੀ 6.1 ਫੀਸਦੀ ਤੋਂ ਡਿੱਗ ਕੇ 1.2 ਫੀਸਦੀ 'ਤੇ ਆ ਜਾਣ ਦਾ ਖਦਸ਼ਾ ਹੈ। ਉੱਥੇ ਹੀ, ਭਾਰਤ ਦੀ ਵਿਕਾਸ ਦਰ 1.9 ਫੀਸਦੀ ਰਹਿ ਸਕਦੀ ਹੈ। 

ਕੋਰੋਨਾ ਨਾਲ ਨਜਿੱਠਣ ਦੇ ਕਦਮਾਂ ਨੂੰ ਲੈ ਕੇ ਭਾਰਤ ਦੀ ਸ਼ਲਾਘਾ
ਭਾਰਤ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਸੰਕਰਮਣ ਨੂੰ ਰੋਕਣ ਲਈ ਲਗਾਏ ਗਏ ਲਾਕਡਾਊਨ ਨੂੰ ਵਿਵੇਕਪੂਰਣ ਦੱਸਦੇ ਹੋਏ ਆਈ. ਐੱਮ. ਐੱਫ. ਨੇ ਇਸ ਦੀ ਸ਼ਲਾਘਾ ਕੀਤੀ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਵੀ ਭਾਰਤ ਦੀ ਇਸ ਮਾਮਲੇ ਵਿਚ ਸ਼ਲਾਘਾ ਕਰ ਚੁੱਕਾ ਹੈ। ਆਈ. ਐੱਮ. ਐੱਫ. ਦੇ ਏਸ਼ੀਆ ਐਂਡ ਪੈਸੀਫਿਕ ਵਿਭਾਗ ਦੇ ਡਾਇਰੈਕਟਰ ਚਾਂਗਯੋਂਗ ਰੀ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਲਾਕਡਾਊਨ ਦੀ ਪਹਿਲ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ 'ਤੇ ਇਸ ਨਾਲ ਵਿਕਾਸ ਦਰ ਵਿਚ ਗਿਰਾਵਟ ਆਵੇਗੀ ਪਰ ਇਹ ਇਕ ਵਿਵੇਕਪੂਰਣ ਫੈਸਲਾ ਹੈ। ਰੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਵੀ ਉਚਿਤ ਵਿੱਤੀ ਉਪਾਅ ਕੀਤੇ ਹਨ ਪਰ ਜੇਕਰ ਇਹ ਸੰਕਟ ਜਲਦੀ ਖਤਮ ਨਹੀਂ ਹੁੰਦਾ ਤਾਂ ਵਧੇਰੇ ਉਪਾਅ ਕਰਨੇ ਹੋਣਗੇ। ਭਾਰਤ ਕੋਲ ਇੰਨੀ ਗੁੰਜਾਇਸ਼ ਹੈ ਕਿ ਉਹ ਸਭ ਤੋਂ ਜ਼ਰੂਰੀ ਕੰਮ 'ਤੇ ਪਹਿਲਾਂ ਧਿਆਨ ਦੇਵੇ।
 

ਭਾਰਤੀ ਰੁਪਏ ਨੇ ਰਿਕਾਰਡ ਹੇਠਲੇ ਪੱਧਰ ਨੂੰ ਛੂਹਿਆ
ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੀ ਮਜਬੂਤੀ ਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਅੰਤਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਰੁਪਿਆ ਵੀਰਵਾਰ ਨੂੰ 43 ਪੈਸੇ ਡਿੱਗ ਕੇ 76.87 ਰੁਪਏ ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ। ਭਾਰਤੀ ਕਰੰਸੀ ਲਗਾਤਾਰ ਦੂਜੇ ਦਿਨ ਕਮਜ਼ੋਰ ਹੋਈ ਹੈ। ਪਿਛਲੇ ਕਾਰੋਬਾਰੀ ਦਿਨ ਇਹ 15 ਪੈਸੇ ਟੁੱਟ ਕੇ 76.44 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। 

 


Lalita Mam

Content Editor

Related News