ਹਾਰਲੇ ਖਰੀਦਣਾ ਹੋ ਸਕਦਾ ਹੈ ਸਸਤਾ, ਇੰਪੋਰਟ ਡਿਊਟੀ ''ਚ ਹੋਵੇਗੀ ਵੱਡੀ ਕਟੌਤੀ

02/15/2020 3:41:40 PM

ਨਵੀਂ ਦਿੱਲੀ— ਇੰਪੋਰਟਡ ਤੇ ਦਮਦਾਰ ਹਾਰਲੇ ਬਾਈਕਸ ਖਰੀਦਣਾ ਸਸਤਾ ਹੋ ਸਕਦਾ ਹੈ। ਸਰਕਾਰ 1,600ਸੀਸੀ ਤੋਂ ਵੱਧ ਦੀ ਬਾਈਕਸ 'ਤੇ ਸਿੰਗਲ ਡਿਜਿਟ ਡਿਊਟੀ ਲਾਉਣ ਦਾ ਵਿਚਾਰ ਕਰ ਰਹੀ ਹੈ। ਇਹ ਯੋਜਨਾ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਹਾਰਲੇ ਡੈਵਿਡਸਨ ਮੋਟਰਸਾਈਕਲਾਂ 'ਤੇ ਕਸਟਮ ਡਿਊਟੀ 100 ਤੋਂ ਘਟਾ ਕੇ 50 ਫੀਸਦੀ ਕਰ ਦਿੱਤੀ ਸੀ। ਭਾਰਤ ਅਤੇ ਯੂ. ਐੱਸ. ਦੀ ਵਪਾਰਕ ਗੱਲਬਾਤ 'ਚ ਹਾਰਲੇ ਦਾ ਮੁੱਦਾ ਕਾਫੀ ਪ੍ਰਮੁੱਖ ਰਿਹਾ ਹੈ। 24 ਫਰਵਰੀ ਨੂੰ ਭਾਰਤ ਯਾਤਰਾ 'ਤੇ ਆ ਰਹੇ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰ ਡਿਊਟੀ 'ਚ ਕਟੌਤੀ ਦੀ ਮੰਗ ਕਰਦੇ ਰਹੇ ਹਨ।

 

ਇਕ ਸੂਤਰ ਨੇ ਕਿਹਾ 1,600ਸੀਸੀ ਤੋਂ ਵੱਧ ਪਾਵਰ ਵਾਲੀ ਬਾਈਕਸ ਲਈ ਡਿਊਟੀ ਸਿੰਗਲ ਡਿਜਿਟ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਲਈ ਨਵਾਂ HS ਕੋਡ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰ ਵਪਾਰਕ ਉਤਪਾਦ ਨੂੰ ਇਕ HSN ਕੋਡ ਅਧੀਨ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਪਿਛਲੇ ਸਾਲ ਅਪ੍ਰੈਲ-ਦਸੰਬਰ ਵਿਚਕਾਰ ਭਾਰਤ ਨੇ 800-ਸੀਸੀ ਤੋਂ ਉਪਰ ਦੇ 20.63 ਮਿਲੀਅਨ ਡਾਲਰ ਦੇ ਮੋਟਰਸਾਈਕਲਾਂ ਦੀ ਦਰਾਮਦ ਕੀਤੀ ਸੀ।

ਉੱਥੇ ਹੀ, ਭਾਰਤ ਨੇ ਅਮਰੀਕਾ ਨਾਲ ਚੱਲ ਰਹੀ ਵਪਾਰਕ ਗੱਲਬਾਤ ਦੇ ਹਿੱਸੇ ਵਜੋਂ ਐੱਚ-1ਬੀ ਵੀਜ਼ਾ ਫੀਸ 'ਚ ਕਟੌਤੀ ਦੀ ਵੀ ਮੰਗ ਕੀਤੀ ਹੈ। ਵਾਸ਼ਿੰਗਟਨ ਨੇ ਵੀਜ਼ਾ ਫੀਸ ਦੁੱਗਣੀ ਕਰਕੇ 3,000-4,000 ਡਾਲਰ ਕਰਨ ਦਾ ਪ੍ਰਸਤਾਵ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਨੇ ਇਸ 'ਚ ਕਮੀ ਲਈ ਜ਼ੋਰ ਪਾਇਆ ਹੈ। ਇਸ ਤੋਂ ਇਲਾਵਾ ਭਾਰਤ ਨੇ ਅਮਰੀਕੀ ਦੁੱਧ ਲਈ ਟੈਰਿਫ 'ਚ ਕਿਸੇ ਵੀ ਕਟੌਤੀ ਨੂੰ ਨਕਾਰ ਦਿੱਤਾ ਹੈ। ਇਕ ਅਧਿਕਾਰੀ ਨੇ ਕਿਹਾ ਦੁੱਧ ਲਈ ਟੈਰਿਫ 'ਚ ਕੋਈ ਕਟੌਤੀ ਨਹੀਂ ਕੀਤੀ ਜਾ ਰਹੀ, ਮੁੱਦਾ ਸਿਰਫ ਮਾਰਕੀਟ ਦੀ ਪਹੁੰਚ ਦਾ ਹੈ।