ਵਿਦੇਸ਼ੀ ਬਾਜ਼ਾਰਾਂ ’ਚ ਭਾਅ ਟੁੱਟਣ ਨਾਲ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਆ ਰਹੀ ਹੈ ਗਿਰਾਵਟ

07/20/2022 3:50:14 PM

ਜਲੰਧਰ–ਪਿਛਲੇ ਹਫਤੇ ਤੋਂ ਸਰ੍ਹੋਂ, ਸੋਇਆਬੀਨ, ਤਿਲਹਨ ਅਤੇ ਪਾਮ ਆਇਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਵਿਦੇਸ਼ੀ ਬਾਜ਼ਾਰਾਂ ’ਚ ਖਾਣ ਵਾਲੇ ਤੇਲਾਂ ਦੇ ਰੇਟ ਟੁੱਟੇ ਹਨ, ਜਿਸ ਕਾਰਨ ਦੇਸ਼ ਦੇ ਬਾਜ਼ਾਰਾਂ ’ਚ ਵੀ ਖਾਣ ਵਾਲਾ ਤੇਲ ਸਸਤਾ ਹੋਇਆ ਹੈ।
ਬੀਤੇ ਸ਼ੁੱਕਰਵਾਰ ਨੂੰ ਸਰਕਾਰ ਨੇ ਕਰੂਡ ਪਾਮ ਆਇਲ (ਸੀ. ਪੀ. ਓ.) ਦੀ ਇੰਪੋਰਟ ਡਿਊਟੀ ’ਚ 100 ਰੁਪਏ ਪ੍ਰਤੀ ਕੁਇੰਟਲ ਕਮੀ ਕੀਤੀ ਹੈ, ਜਿਸ ਦਾ ਪਾਮ ਆਇਲ ਦੀਆਂ ਕੀਮਤਾਂ ’ਤੇ ਸਿੱਧਾ ਅਸਰ ਪਿਆ ਹੈ। ਇਕ ਮੀਡੀਆ ਰਿਪੋਰਟ ’ਚ ਬਾਜ਼ਾਰ ਦੇ ਜਾਣਕਾਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਿਦੇਸ਼ਾਂ ’ਚ ਖਾਣ ਵਾਲੇ ਤੇਲਾਂ ਦਾ ਬਾਜ਼ਾਰ ਕਾਫੀ ਟੁੱਟਾ ਹੈ ਜੋ ਕੀਮਤਾਂ ’ਚ ਗਿਰਾਵਟ ਦਾ ਮੁੱਖ ਕਾਰਨ ਹੈ।
ਸਰ੍ਹੋਂ ਦੇ ਦਾਣੇ ਦਾ ਭਾਅ ਵੀ ਡਿਗਿਆ
ਇਕ ਰਿਪੋਰਟ ਮੁਤਾਬਕ ਬੀਤੇ ਹਫਤੇ ਸਰ੍ਹੋਂ ਦਾਣੇ ਦਾ ਭਾਅ 125 ਰੁਪਏ ਦੀ ਗਿਰਾਵਟ ਨਾਲ 7,170-7,220 ਰੁਪਏ ਪ੍ਰਤੀ ਕੁਇੰਟਲ ’ਤੇ ਬੰਦ ਹੋਇਆ ਹੈ। ਸਰ੍ਹੋਂ ਦਾਦਰੀ ਤੇਲ ਹਫਤੇ ਦੇ ਅਖੀਰ ’ਚ 250 ਰੁਪਏ ਦੀ ਗਿਰਾਵਟ ਨਾਲ 14,400 ਰੁਪਏ ਕੁਇੰਟਲ ’ਤੇ ਬੰਦ ਹੋਇਆ ਸੀ। ਉੱਥੇ ਹੀ ਸਰ੍ਹੋਂ ਪੱਕੀ ਘਾਣੀ ਅਤੇ ਕੱਚੀ ਘਾਣੀ ਤੇਲ ਦੀਆਂ ਕੀਮਤਾਂ ਵੀ ਕ੍ਰਮਵਾਰ 35-35 ਰੁਪਏ ਘਟ ਕੇ ਕ੍ਰਮਵਾਰ 2280-2360 ਰੁਪਏ ਅਤੇ 2320-2425 ਰੁਪਏ ਟਿਨ (15 ਕਿਲੋ) ’ਤੇ ਬੰਦ ਹੋਈਆਂ। ਸੂਤਰਾਂ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ ’ਚ ਆਈ ਭਾਰੀ ਗਿਰਾਵਟ ਦੇ ਮੱਦੇਨਜ਼ਰ ਸਮੀਖਿਆ ਅਧੀਨ ਹਫਤੇ ’ਚ ਸੋਇਆਬੀਨ ਦਾਣੇ ਅਤੇ ਲੂਜ਼ ਦੇ ਥੋਕ ਭਾਅ ਕ੍ਰਮਵਾਰ : 75 ਰੁਪਏ ਅਤੇ 25 ਰੁਪਏ ਦੀ ਗਿਰਾਵਟ ਨਾਲ ਕ੍ਰਮਵਾਰ : 6275-6325 ਰੁਪਏ ਅਤੇ 6025-6075 ਰੁਪਏ ਪ੍ਰਤੀ ਕੁਇੰਟਲ ’ਤੇ ਬੰਦ ਹੋਏ ਹਨ।
ਡਿਊਟੀ ਘਟਣ ਦਾ ਵੀ ਅਸਰ
ਹਾਲ ਹੀ ’ਚ ਸਰਕਾਰ ਨੇ ਸੀ. ਪੀ. ਓ. ਦੇ ਇੰਪੋਰਟ ਡਿਊਟੀ ਮੁੱਲ ’ਚ 100 ਰੁਪਏ ਪ੍ਰਤੀ ਕੁਇੰਟਲ ਦੀ ਕਮੀ ਕੀਤੀ ਜਦ ਕਿ ਸੋਇਆਬੀਨ ਡੀਗਮ ਦਾ ਇੰਪੋਰਟ ਡਿਊਟੀ ਮੁੱਲ 50 ਰੁਪਏ ਪ੍ਰਤੀ ਕੁਇੰਟਲ ਅਤੇ ਪਾਮੋਲੀਨ ਤੇਲ ਦੀ ਇੰਪੋਰਟ ਡਿਊਟੀ ਮੁੱਲ 200 ਰੁਪਏ ਪ੍ਰਤੀ ਕੁਇੰਟਲ ਘੱਟ ਕੀਤਾ ਗਿਆ ਹੈ।
ਸੂਤਰਾਂ ਨੇ ਕਿਹਾ ਕਿ ਇਕ ਪਾਸੇ ਇੰਪੋਰਟ ਡਿਊਟੀ ਮੁੱਲ ਘਟਾਇਆ ਜਾ ਰਿਹਾ ਹੈ, ਉੱਥੇ ਹੀ ਵਿਦੇਸ਼ਾਂ ’ਚ ਤੇਲ-ਤਿਲਹਨ ਦਾ ਬਾਜ਼ਾਰ ਟੁੱਟ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਇਹ ਸਾਰੀਆਂ ਸਥਿਤੀਆਂ ਦੇਸ਼ ਨੂੰ ਪੂਰੀ ਤਰ੍ਹਾਂ ਇੰਪੋਰਟ ’ਤੇ ਨਿਰਭਰਤਾ ਵੱਲ ਲਿਜਾ ਸਕਦੀਆਂ ਹਨ। ਸੂਤਰਾਂ ਨੇ ਕਿਹਾ ਕਿ ਸੋਇਆਬੀਨ ’ਚ ਆਈ ਗਿਰਾਵਟ ਕਾਰਨ ਪਾਮ ਆਇਲ ਦੇ ਭਾਅ ਵੀ ਟੁੱਟ ਗਏ।
ਦਰਾਮਦਕਾਰਾਂ ਨੂੰ ਉਠਾਉਣਾ ਪਿਆ ਨੁਕਸਾਨ
ਇਸ ਗਿਰਾਵਟ ਕਾਰਨ ਦੇਸ਼ ’ਚ ਦਰਾਮਦਕਾਰਾਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਜਿਸ ਭਾਅ ’ਤੇ ਸੌਦੇ ਖਰੀਦੇ ਸਨ ਹੁਣ ਉਸ ਨੂੰ ਘੱਟ ਭਾਅ ’ਤੇ ਵੇਚਣਾ ਪੈ ਰਿਹਾ ਹੈ। ਉਨ੍ਹਾਂ ਨੇ ਜਿਸ ਸੀ. ਪੀ. ਓ. ਦੀ ਦਰਾਮਦ 2040 ਡਾਲਰ ਪ੍ਰਤੀ ਟਨ ਦੇ ਭਾਅ ’ਤੇ ਕੀਤਾ ਸੀ, ਉਸ ਦੀ ਅਗਸਤ ਖੇਪ ਦਾ ਮੌਜੂਦਾ ਭਾਅ ਘਟ ਕੇ ਲਗਭਗ 1,000 ਡਾਲਰ ਪ੍ਰਤੀ ਟਨ ਰਹਿ ਗਿਆ ਹੈ। ਯਾਨੀ ਥੋਕ ’ਚ ਸੀ. ਪੀ. ਓ. (ਸਾਰੇ ਖਰਚੇ ਅਤੇ ਟੈਕਸ ਸਮੇਤ) 86.50 ਰੁਪਏ ਕਿਲੋ ਹੋਵੇਗਾ। ਜ਼ਿਕਰਯੋਗ ਹੈ ਕਿ ਲੱਖਾਂ ਟਨ ਸੀ. ਪੀ. ਓ. ਤੇਲ ਦਰਾਮਦ ਹੋਣ ਦੀ ਪ੍ਰਕਿਰਿਆ ’ਚ ਹਨ।
ਦੂਜੇ ਪਾਸੇ ਸਰ੍ਹੋਂ ਦਾ ਇਸ ਵਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਲਗਭਗ 5050 ਰੁਪਏ ਕੁਇੰਟਲ ਸੀ ਜੋ ਅਗਲੀ ਬਿਜਾਈ ਦੇ ਸਮੇਂ 200-300 ਰੁਪਏ ਕੁਇੰਟਲ ਦਰਮਿਆਨ ਵਧਣ ਦਾ ਅਨੁਮਾਨ ਹੈ। ਉਸ ਹਿਸਾਬ ਨਾਲ ਸਰ੍ਹੋਂ ਦੇ ਤੇਲ ਦਾ ਥੋਕ ਭਾਅ ਆਗਾਮੀ ਫਸਲ ਤੋਂ ਬਾਅਦ ਲਗਭਗ 125-130 ਰੁਪਏ ਕਿਲੋ ਰਹਿਣ ਦਾ ਅਨੁਮਾਨ ਹੈ।
 


Aarti dhillon

Content Editor

Related News