ਡਾਓ ''ਚ 200 ਤੋਂ ਵੱਧ ਅੰਕ ਦੀ ਬੜ੍ਹਤ, ਨੈਸਡੈਕ 1.1% ਚੜ੍ਹ ਕੇ ਬੰਦ

05/15/2019 7:52:40 AM

ਵਾਸ਼ਿੰਗਟਨ— ਮੰਗਲਵਾਰ ਅਮਰੀਕੀ ਸਟਾਕ ਮਾਰਕੀਟ 'ਚ ਬੜ੍ਹਤ ਦਰਜ ਕੀਤੀ ਗਈ। ਡਾਓ ਜੋਂਸ 207.06 ਅੰਕ ਦੀ ਮਜਬੂਤੀ ਨਾਲ 25,532.05 ਦੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ। ਵੀਜ਼ਾ ਤੇ ਬੋਇੰਗ ਦੇ ਸ਼ੇਅਰਾਂ 'ਚ ਤੇਜ਼ੀ ਦੇ ਮੱਦੇਨਜ਼ਰ ਡਾਓ ਨੂੰ ਤੇਜ਼ੀ ਮਿਲੀ।

 



ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.8 ਫੀਸਦੀ ਵਧ ਕੇ 2,834.41 ਦੇ ਪੱਧਰ 'ਤੇ ਬੰਦ ਹੋਇਆ। ਇਸ ਦੌਰਾਨ ਨੈਸਡੈਕ ਕੰਪੋਜ਼ਿਟ ਨੇ 1.1 ਫੀਸਦੀ ਦੀ ਤੇਜ਼ੀ ਦਰਜ ਕੀਤੀ ਤੇ 7,734.49 'ਤੇ ਬੰਦ ਹੋਇਆ।
ਮੰਗਲਵਾਰ ਨੂੰ ਕਾਰੋਬਾਰ ਦੌਰਾਨ ਬੋਇੰਗ 'ਚ 1.7 ਫੀਸਦੀ, ਜਦੋਂ ਕਿ ਐਪਲ ਦੇ ਸਟਾਕਸ 'ਚ 1.6 ਫੀਸਦੀ ਦੀ ਤੇਜ਼ੀ ਦਰਜ ਹੋਈ। ਕੈਟਰਪਿਲਰ 'ਚ 1.7 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ। ਬੈਂਕਿੰਗ ਸਟਾਕਸ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਸਿਟੀ ਗਰੁੱਪ ਤੇ ਬੈਂਕ ਆਫ ਅਮਰੀਕਾ ਦੋਹਾਂ 'ਚ 1 ਫੀਸਦੀ ਤੋਂ ਵੱਧ ਦੀ ਬੜ੍ਹਤ ਦਰਜ ਹੋਈ, ਜਦੋਂ ਕਿ ਜੇ. ਪੀ. ਮੌਰਗਨ ਚੇਜ਼ ਨੇ 0.8 ਫੀਸਦੀ ਦੀ ਤੇਜ਼ੀ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਚੀਨ ਵੱਲੋਂ ਅਮਰੀਕੀ ਸਮਾਨਾਂ 'ਤੇ 1 ਜੂਨ ਤੋਂ ਟੈਰਿਫ ਵਧਾਉਣ ਦੇ ਐਲਾਨ ਕਾਰਨ ਪਿਛਲੇ ਦਿਨ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। 
ਸੋਮਵਾਰ ਡਾਓ ਜੋਂਸ 600 ਅੰਕ ਦੀ ਵੱਡੀ ਗਿਰਾਵਟ ਨਾਲ 25,324.99 ਦੇ ਪੱਧਰ 'ਤੇ ਬੰਦ ਹੋਇਆ ਸੀ। ਐੱਸ. ਐਂਡ ਪੀ-500 'ਚ 2.4 ਫੀਸਦੀ ਤੇ ਨੈਸਡੈਕ ਕੰਪੋਜ਼ਿਟ 'ਚ 3.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।