ਸ਼ੁੱਕਰਵਾਰ US ਬਾਜ਼ਾਰਾਂ ਵਿਚ ਰਿਹੈ ਭਾਰੀ ਉਛਾਲ, ਡਾਓ 'ਚ ਇੰਨਾ ਵਾਧਾ

10/05/2019 9:28:39 AM

ਵਾਸ਼ਿੰਗਟਨ—  ਸ਼ੁੱਕਰਵਾਰ ਨੂੰ ਵਾਲ ਸਟ੍ਰੀਟ 'ਚ ਕਾਰੋਬਾਰ ਸ਼ਾਨਦਾਰ ਰਿਹਾ। ਸਤੰਬਰ 'ਚ ਬੇਰੋਜ਼ਗਾਰੀ ਦਰ 50 ਸਾਲਾਂ 'ਚ ਸਭ ਤੋਂ ਹੇਠਾਂ ਜਾਣ ਨਾਲ ਡਾਓ ਸਮੇਤ ਤਿੰਨੋਂ ਪ੍ਰਮੁੱਖ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ। ਡਾਓ ਜੋਂਸ 372 ਅੰਕ ਯਾਨੀ 1.4 ਫੀਸਦੀ ਉਛਲ ਕੇ 26,573.75 ਦੇ ਪੱਧਰ 'ਤੇ ਜਾ ਪੁੱਜਾ।

 

ਉੱਥੇ ਹੀ, ਐੱਸ. ਐਂਡ ਪੀ.-500 ਵੀ 1.4 ਫੀਸਦੀ ਦੀ ਬੜ੍ਹਤ ਨਾਲ 2,952.01 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ ਵੀ 1.4 ਫੀਸਦੀ ਦੀ ਮਜਬੂਤੀ ਨਾਲ 7,982.47 ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ, ਬੀਤੇ ਪੂਰੇ ਹਫਤੇ ਦੀ ਤੁਲਨਾ ਇਸ ਤੋਂ ਪਿਛਲੇ ਹਫਤੇ ਨਾਲ ਕਰੀਏ ਤਾਂ ਡਾਓ ਤੇ ਐੱਸ. ਐਂਡ ਪੀ.-500 'ਚ ਲਗਾਤਾਰ ਤੀਜੀ ਵਾਰ ਗਿਰਾਵਟ ਰਹੀ, ਜਦੋਂ ਕਿ ਨੈਸਡੈਕ ਪਿਛਲੇ ਹਫਤੇ ਦੇ ਮੁਕਾਬਲੇ 0.5 ਫੀਸਦੀ ਉਪਰ ਹੋਇਆ ਹੈ।

ਸਤੰਬਰ 'ਚ ਯੂ. ਐੱਸ. ਇਕਨੋਮੀ 'ਚ 1,36,000 ਨਵੇਂ ਰੋਜ਼ਗਾਰ ਜੁੜੇ ਹਨ, ਜਦੋਂ ਕਿ ਬਾਜ਼ਾਰ ਨੂੰ 1,45,000 ਦੀ ਉਮੀਦ ਸੀ। ਹਾਲਾਂਕਿ, ਬੇਰੋਜ਼ਗਾਰੀ ਦਰ 3.5 ਫੀਸਦੀ 'ਤੇ ਡਿੱਗ ਗਈ, ਜੋ 50 ਸਾਲਾਂ ਦੀ ਸਭ ਤੋਂ ਘੱਟ ਦਰ ਹੈ। ਸ਼ੁੱਕਰਵਾਰ ਤਕਨੀਕੀ ਸੈਕਟਰ ਐੱਸ. ਐਂਡ ਪੀ.-500 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖੇਤਰ ਸੀ। ਇਸ 'ਚ ਐਪਲ ਨੇ 2.8 ਫੀਸਦੀ ਦੀ ਬੜ੍ਹਤ ਦਰਜ ਕੀਤੀ। ਨਿਵੇਸ਼ਕਾਂ ਨੂੰ ਇਹ ਖਬਰ ਚੰਗੀ ਲੱਗੀ ਕਿ ਕੰਪਨੀ ਆਈਫੋਨ-11 ਦਾ ਉਤਪਾਦਨ 10 ਫੀਸਦੀ ਵਧਾ ਰਹੀ ਹੈ, ਜੋ ਉਸ ਨੇ ਹਾਲ ਹੀ 'ਚ ਲਾਂਚ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਸ ਦੀ ਵਿਕਰੀ ਚੰਗੀ ਹੋ ਰਹੀ ਹੈ।