ਸ਼ੁੱਕਰਵਾਰ US ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਡਾਓ ਇੰਨਾ ਡਿੱਗਾ

09/28/2019 9:27:19 AM

ਵਾਸ਼ਿੰਗਟਨ— ਵ੍ਹਾਈਟ ਹਾਊਸ ਵੱਲੋਂ ਚੀਨ 'ਚ ਨਿਵੇਸ਼ ਘਟਾਉਣ ਦਾ ਵਿਚਾਰ ਕਰਨ ਦੀਆਂ ਖਬਰਾਂ ਵਿਚਕਾਰ ਸ਼ੁੱਕਰਵਾਰ ਨੂੰ ਵਾਲ ਸਟ੍ਰੀਟ 'ਚ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲਿਆ। ਕਾਰੋਬਾਰ ਦੌਰਾਨ ਦਰਜ ਕੀਤੀ ਤੇਜ਼ੀ ਸਾਰੇ ਇੰਡੈਕਸਾਂ ਨੇ ਬੰਦ ਹੋਣ ਤੋਂ ਪਹਿਲਾਂ ਖੋਹ ਦਿੱਤੀ।

 

ਖਬਰਾਂ ਹਨ ਕਿ ਟਰੰਪ ਪ੍ਰਸ਼ਾਸਨ ਵੱਲੋਂ ਚੀਨ 'ਚ ਯੂ. ਐੱਸ. ਦੇ ਨਿਵੇਸ਼ ਨੂੰ ਸੀਮਤ ਕਰਨ ਲਈ ਵਿਚਾਰ-ਵਟਾਂਦਾਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਖਬਰਾਂ ਵਿਚਕਾਰ ਡਾਓ ਜੋਂਸ ਲਗਭਗ 130 ਅੰਕ ਦੀ ਤੇਜ਼ੀ ਤੋਂ ਥੱਲ੍ਹੇ ਉਤਰ ਕੇ 70.87 ਅੰਕ ਦੀ ਗਿਰਾਵਟ ਨਾਲ 26,820.25 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਵੀ ਕਾਰੋਬਾਰ ਦੇ ਸ਼ੁਰੂ 'ਚ ਦਰਜ ਕੀਤੀ ਬੜ੍ਹਤ ਖੋਹ ਕੇ 2,961.79 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 1.1 ਫੀਸਦੀ ਡਿੱਗ ਕੇ 7,939.63 ਦੇ ਪੱਧਰ 'ਤੇ ਜਾ ਪੁੱਜਾ।

ਡਾਓ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਪ੍ਰਮੁੱਖ ਇੰਡੈਕਸਾਂ ਨੇ ਇਸ ਹਫਤੇ ਦੌਰਾਨ ਵੀ ਕਮਜ਼ੋਰੀ ਦਰਜ ਕੀਤੀ ਹੈ। ਡਾਓ ਪਿਛਲੇ ਹਫਤੇ ਨਾਲੋਂ 0.4 ਫੀਸਦੀ, ਐੱਸ. ਐਂਡ ਪੀ.-500 ਇੰਡੈਕਸ 1 ਫੀਸਦੀ ਤੇ ਨੈਸਡੈਕ ਕੰਪੋਜ਼ਿਟ 2.1 ਫੀਸਦੀ ਹੋਰ ਹੇਠਾਂ ਹੋ ਗਏ ਹਨ।