ਡਾਓ ਜੋਂਸ 'ਚ ਹਲਕਾ ਉਛਾਲ, ਹਰੇ ਨਿਸ਼ਾਨ 'ਤੇ ਬੰਦ ਹੋਏ ਬਾਜ਼ਾਰ

07/03/2019 8:09:20 AM

ਵਾਸ਼ਿੰਗਟਨ— ਮੰਗਲਵਾਰ ਵੀ ਅਮਰੀਕੀ ਬਾਜ਼ਾਰ ਮਜਬੂਤੀ 'ਚ ਬੰਦ ਹੋਏ ਪਰ ਯੂ. ਐੱਸ. ਵੱਲੋਂ ਯੂਰਪੀ ਪ੍ਰਾਡਕਟਸ 'ਤੇ ਟੈਰਿਫ ਲਾਉਣ ਦੀ ਧਮਕੀ ਮਗਰੋਂ ਬਾਜ਼ਾਰ ਦਾ ਮਾਹੌਲ ਠੰਡਾ ਰਿਹਾ। ਹਾਲ ਹੀ 'ਚ ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਵਪਾਰ ਨੂੰ ਲੈ ਕੇ ਗੱਲਬਾਤ ਲਈ ਬਣੀ ਸਹਿਮਤੀ ਨਾਲ ਨਿਵੇਸ਼ਕਾਂ ਦੀ ਧਾਰਨਾ ਮਜਬੂਤ ਹੀ ਹੋਈ ਸੀ ਕਿ ਟਰੰਪ ਨੇ ਇਕ ਹੋਰ ਚਿੰਤਾ ਖੜ੍ਹੀ ਕਰ ਦਿੱਤੀ।

ਬੀਤੇ ਦਿਨ ਡਾਓ ਜੋਂਸ 69.25 ਅੰਕ ਦੀ ਤੇਜ਼ੀ ਨਾਲ 26,786.68 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ ਨੇ 0.3 ਫੀਸਦੀ ਦੀ ਹਲਕੀ ਬੜ੍ਹਤ ਦਰਜ ਕੀਤੀ ਪਰ ਇਹ ਰਿਕਾਰਡ 2,973.01 ਦੇ ਪੱਧਰ 'ਤੇ ਬੰਦ ਹੋਣ 'ਚ ਸਫਲ ਰਿਹਾ।
ਇਸ ਦੇ ਇਲਾਵਾ ਨੈਸਡੈਕ ਕੰਪੋਜ਼ਿਟ 0.2 ਫੀਸਦੀ ਦੀ ਮਜਬੂਤੀ ਦਰਜ ਕਰਦੇ ਹੋਏ 8,109.09 ਦੇ ਪੱਧਰ 'ਤੇ ਬੰਦ ਹੋਇਆ। ਮੰਗਲਵਾਰ ਕਾਰੋਬਾਰ ਦੌਰਾਨ ਬੈਂਕਿੰਗ ਸਟਾਕਸ 'ਚ ਗਿਰਾਵਟ ਕਾਰਨ ਬਾਜ਼ਾਰ 'ਤੇ ਦਬਾਅ ਰਿਹਾ। ਸਿਟੀਗਰੁੱਪ 'ਚ 0.4 ਫੀਸਦੀ ਦੀ ਗਿਰਾਵਟ ਦਰਜ ਹੋਈ, ਜਦੋਂ ਕਿ ਬੈਂਕ ਆਫ ਅਮਰੀਕਾ ਤੇ ਵੈੱਲਸ ਫਾਰਗੋ ਦੋਵੇਂ 0.9 ਫੀਸਦੀ ਤਕ ਡਿੱਗੇ। ਅਮਰੀਕੀ ਸਰਕਾਰ ਨੇ ਯੂਰਪੀ ਸੰਘ ਤੋਂ ਆਉਣ ਵਾਲੇ 4 ਅਰਬ ਡਾਲਰ ਦੇ ਹੋਰ ਸਮਾਨਾਂ 'ਤੇ ਵਾਧੂ ਟੈਰਿਫ ਲਾਉਣ ਦੀ ਚਿਤਾਵਨੀ ਦਿੱਤੀ ਹੈ। ਯੂ. ਐੱਸ. ਦਾ ਦੋਸ਼ ਹੈ ਕਿ ਯੂਰਪੀ ਸੰਘ ਆਪਣੇ ਪ੍ਰਮੁੱਖ ਜਹਾਜ਼ ਨਿਰਮਾਤਾ ਨੂੰ ਗਲੋਬਲ ਬਾਜ਼ਾਰ 'ਚ ਪੈਰ ਜਮਾਉਣ ਲਈ ਗਲਤ ਤਰੀਕੇ ਨਾਲ ਸਬਸਿਡੀ ਦੇ ਰਿਹਾ ਹੈ, ਉੱਥੇ ਹੀ, ਯੂਰਪੀ ਸੰਘ ਨੇ ਵੀ ਅਮਰੀਕਾ 'ਤੇ ਇਹੀ ਦੋਸ਼ ਲਾਇਆ ਹੈ। ਇਨ੍ਹਾਂ ਦੋਹਾਂ ਵਿਚਕਾਰ ਲੰਮੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।


Related News