ਡਾਓ ਜੋਂਸ ਮਜਬੂਤੀ 'ਚ ਬੰਦ, S&P ਤੇ ਨੈਸਡੈਕ 'ਚ ਨਹੀਂ ਰਹੀ ਤੇਜ਼ੀ

06/25/2019 7:53:07 AM

ਵਾਸ਼ਿੰਗਟਨ— ਈਰਾਨ-ਅਮਰੀਕਾ ਵਿਚਕਾਰ ਵਧੇ ਤਣਾਅ ਤੇ ਟਰੰਪ ਅਤੇ ਸ਼ੀ ਜਿਨਫਿੰਗ ਵਿਚਕਾਰ ਇਸ ਹਫਤੇ ਜੀ-20 ਸੰਮੇਲਨ ਦੌਰਾਨ ਹੋਣ ਵਾਲੀ ਬੈਠਕ ਦੇ ਮੱਦੇਨਜ਼ਰ ਨਿਵੇਸ਼ਕ ਸਾਵਧਾਨੀ ਨਾਲ ਬਾਜ਼ਾਰਾਂ ਦਾ ਰੁਖ਼ ਕਰ ਰਹੇ ਹਨ।

 

ਬਾਜ਼ਾਰਾਂ ਦੀ ਦਿਸ਼ਾ ਹੁਣ ਟਰੰਪ ਅਤੇ ਸ਼ੀ ਜਿਨਫਿੰਗ ਦੀ ਮੁਲਾਕਾਤ ਨਾਲ ਵਪਾਰ ਨੂੰ ਲੈ ਕੇ ਮਿਲਣ ਵਾਲੇ ਸੰਕੇਤਾਂ ਨਾਲ ਨਿਰਧਾਰਤ ਹੋਵੇਗੀ। ਸੋਮਵਾਰ ਅਮਰੀਕੀ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਡਾਓ ਜੋਂਸ 8.41 ਅੰਕ ਦੀ ਹਲਕੀ ਮਜਬੂਤੀ ਨਾਲ 26,727.54 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.2 ਫੀਸਦੀ ਡਿੱਗਾ ਅਤੇ 2,945.35 'ਤੇ ਬੰਦ ਹੋਇਆ। ਇਸ ਦੇ ਇਲਾਵਾ ਨੈਸਡੈਕ ਕੰਪੋਜ਼ਿਟ 0.3 ਫੀਸਦੀ ਦੀ ਗਿਰਾਵਟ ਨਾਲ 8,005.70 ਦੇ ਪੱਧਰ 'ਤੇ ਬੰਦ ਹੋਇਆ।

ਇਸ ਹਫਤੇ ਸ਼ੁੱਕਰਵਾਰ ਨੂੰ ਜਪਾਨ ਦੇ ਓਸਾਕਾ 'ਚ ਸ਼ੁਰੂ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਟਰੰਪ ਤੇ ਸ਼ੀ ਜਿਨਫਿੰਗ ਵਿਚਕਾਰ ਹੋਣ ਵਾਲੀ ਮੁਲਾਕਾਤ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੇ ਵਪਾਰਕ ਯੁੱਧ ਬਾਰੇ ਵਿਸਥਾਰ ਚਰਚਾ ਕੀਤੀ ਜਾਏਗੀ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਦੋਵੇਂ ਨੇਤਾ ਇਕ ਸਮਝੌਤੇ ਦੇ ਨੇੜੇ ਪਹੁੰਚ ਜਾਣਗੇ, ਜਿਸ ਨਾਲ ਵਿਵਾਦ ਸਮਾਪਤ ਹੋ ਸਕਦੇ ਹਨ।