US ਸਟਾਕਸ ਰਿਕਾਰਡ ਤੋਂ ਡਿੱਗੇ, ਡਾਓ 112 ਅੰਕ ਦੀ ਗਿਰਾਵਟ 'ਚ ਬੰਦ

11/21/2019 8:19:56 AM

ਵਾਸ਼ਿੰਗਟਨ— ਬੁੱਧਵਾਰ ਨੂੰ ਯੂ. ਐੱਸ. ਸਟਾਕਸ ਰਿਕਾਰਡ ਤੋਂ ਡਿੱਗ ਕੇ ਬੰਦ ਹੋਏ ਹਨ। ਰਾਈਟਰ ਦੀ ਇਕ ਰਿਪੋਰਟ ਮੁਤਾਬਕ, ਚੀਨ-ਅਮਰੀਕਾ ਵਿਚਕਾਰ ਵਪਾਰ ਸੌਦਾ 2019 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਨਹੀਂ ਹੈ।


ਡਾਓ ਜੋਂਸ 112 ਅੰਕ ਯਾਨੀ 0.4 ਫੀਸਦੀ ਡਿੱਗ ਕੇ 27,821 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 0.38 ਫੀਸਦੀ ਦੀ ਕਮਜ਼ੋਰੀ ਨਾਲ 3,108 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.51 ਫੀਸਦੀ ਦੀ ਗਿਰਾਵਟ ਨਾਲ 8,526 ਦੇ ਪੱਧਰ 'ਤੇ ਬੰਦ ਹੋਇਆ ਹੈ।
ਵਪਾਰ ਮੋਰਚੇ 'ਤੇ ਨਕਾਰਾਤਮਕ ਖਬਰ ਮਿਲਣ ਨਾਲ ਐਪਲ ਦੇ ਸ਼ੇਅਰ ਕੈਟਰਪਿਲਰ ਦੇ ਨਾਲ 1.2 ਫੀਸਦੀ ਦੀ ਗਿਰਾਵਟ 'ਚ ਬੰਦ ਹੋਏ। ਰਾਇਟਰਜ਼ ਨੇ ਵਪਾਰ ਮਾਹਰਾਂ ਤੇ ਟਰੰਪ ਪ੍ਰਸ਼ਾਸਨ ਦੇ ਨਜ਼ਦੀਕੀ ਲੋਕਾਂ ਦਾ ਹਵਾਲਾ ਦਿੰਦੇ ਹੋਏ ਖਬਰ ਦਿੱਤੀ ਹੈ ਕਿ ਵਪਾਰ ਸਮਝੌਤੇ ਦੇ ਸੰਪੂਰਨ ਹੋਣ ਨੂੰ 2020 ਚੜ੍ਹ ਸਕਦਾ ਹੈ ਕਿਉਂਕਿ ਚੀਨ ਟੈਰਿਫ ਦਰਾਂ 'ਤੇ ਰਾਹਤ ਚਾਹੁੰਦਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਡਾਓ ਜੋਂਸ 102.20 ਅੰਕ ਯਾਨੀ 0.36 ਫੀਸਦੀ ਡਿੱਗ ਕੇ 27,934.02 'ਤੇ ਬੰਦ ਹੋਇਆ ਸੀ। ਐੱਸ. ਐਂਡ ਪੀ.-500 ਇੰਡੈਕਸ 0.06 ਫੀਸਦੀ ਦੀ ਕਮਜ਼ੋਰੀ ਨਾਲ 3,120.18 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.24 ਫੀਸਦੀ ਦੀ ਮਜਬੂਤੀ ਨਾਲ 8,570.66 ਦੇ ਪੱਧਰ 'ਤੇ ਬੰਦ ਹੋਇਆ ਸੀ।