ਨਵੇਂ 5-ਜੀ ਸਪੈਕਟ੍ਰਮ ਲਈ ਟਰਾਈ ਦੇ ਵਿਚਾਰ ਲਵੇਗਾ ਦੂਰਸੰਚਾਰ ਵਿਭਾਗ, 2020 ’ਚ ਵਿਕਰੀ ਦਾ ਇਰਾਦਾ

12/26/2019 6:46:07 PM

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਵਿਭਾਗ (ਡੀ. ਓ. ਟੀ.) 5-ਜੀ ਬੈਂਡ ’ਚ 24.75-27.25 ਗੀਗਾਹਰਟਜ਼ ਤੋਂ ਇਲਾਵਾ ਸਪੈਕਟ੍ਰਮ ਦੇ ਮੁੱਲ ਅਤੇ ਹੋਰ ਤੌਰ-ਤਰੀਕਿਆਂ ’ਤੇ ਜਲਦ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਰਾਇ ਲਵੇਗਾ। ਦੂਰਸੰਚਾਰ ਵਿਭਾਗ ਦਾ ਇਰਾਦਾ ਇਸ ਨਵੇਂ ਸਪੈਕਟ੍ਰਮ ਦੀ ਵਿਕਰੀ ਅਗਲੇ ਸਾਲ ਕਿਸੇ ਸਮੇਂ ਕਰਨ ਦਾ ਹੈ। ਦੂਰਸੰਚਾਰ ਵਿਭਾਗ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਡਿਜੀਟਲ ਕਮਿਊਨੀਕੇਸ਼ਨ ਕਮਿਸ਼ਨ (ਡੀ. ਸੀ. ਸੀ.) ਵੱਲੋਂ 20 ਦਸੰਬਰ ਨੂੰ 5.22 ਲੱਖ ਕਰੋਡ਼ ਰੁਪਏ ਦੀ ਸਪੈਕਟ੍ਰਮ ਨੀਲਾਮੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਨਵਾਂ 5-ਜੀ ਸਪੈਕਟ੍ਰਮ ਇਸ ਤੋਂ ਅਲੱਗ ਹੈ। ਡੀ. ਸੀ. ਸੀ. ਵੱਲੋਂ ਦਿੱਤੀ ਗਈ ਮਨਜ਼ੂਰੀ ਤਹਿਤ ਮਾਰਚ-ਅਪ੍ਰੈਲ, 2020 ’ਚ 22 ਸਰਕਲਾਂ ’ਚ 8300 ਮੈਗਾਹਰਟਜ਼ ਸਪੈਕਟ੍ਰਮ ਨੂੰ ਨੀਲਾਮੀ ਲਈ ਰੱਖਿਆ ਜਾਵੇਗਾ। ਦੂਰਸੰਚਾਰ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਜਲਦ 24.75-27.25 ਗੀਗਾਹਰਟਜ਼ ਵਾਲੇ ‘ਮਿਲੀਮੀਟਰ ਵੇਵ ਬੈਂਡ’ ਲਈ ਟਰਾਈ ਦੇ ਸੁਝਾਅ ਮੰਗੇਗੀ। ਇਹ 5-ਜੀ ਲਈ ਬਹੁਤ ਜ਼ਿਆਦਾ ਮੰਗ ਵਾਲਾ ਬੈਂਡ ਹੈ।

ਸੂਤਰਾਂ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਇਸ ਵਾਧੂ 5-ਜੀ ਬੈਂਡ ਲਈ ਜਨਵਰੀ ’ਚ ਰੈਗੂਲੇਟਰੀ ਨਾਲ ਸੰਪਰਕ ਕਰੇਗਾ। ਸੂਤਰਾਂ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਹਾਲਾਂਕਿ ਇਸ ਸਪੈਕਟ੍ਰਮ ਨੂੰ ਸਾਲ ਦੇ ਸ਼ੁਰੂ ’ਚ ਵਿਕਰੀ ਲਈ ਰੱਖਣਾ ਚਾਹੁੰਦਾ ਹੈ ਪਰ ਟਰਾਈ ਦੇ ਸੁਝਾਅ ’ਚ ਵਿਸ਼ੇਸ਼ ਸਮਾਂ-ਹੱਦ ਦਾ ਜ਼ਿਕਰ ਹੋਵੇਗਾ। ਦੂਰਸੰਚਾਰ ਵਿਭਾਗ ਨਵੇਂ 5-ਜੀ ਬੈਂਡ ਦੇ ਸਪੈਕਟ੍ਰਮ ਨੂੰ 2020 ’ਚ ਕਿਸੇ ਸਮੇਂ ਨੀਲਾਮੀ ਲਈ ਰੱਖਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਨੇ ਸਰਕਾਰ ਨੂੰ 26 ਗੀਗਾਹਰਟਜ਼ ਬੈਂਡ ਲਈ ਟਰਾਈ ਤੋਂ ਸੁਝਾਅ ਮੰਗਣ ਨੂੰ ਕਿਹਾ ਸੀ।

Karan Kumar

This news is Content Editor Karan Kumar