Dominos Pizza ਇਨ੍ਹਾਂ 4 ਦੇਸ਼ਾਂ ''ਚ ਬੰਦ ਕਰ ਰਿਹੈ ਆਪਣਾ ਕਾਰੋਬਾਰ

10/17/2019 2:24:22 PM

ਨਵੀਂ ਦਿੱਲੀ — ਦੇਸ਼ਾਂ-ਵਿਦੇਸ਼ਾਂ 'ਚ ਫੂਡ ਚੇਨ ਚਲਾਉਣ ਵਾਲੀ ਮਸ਼ਹੂਰ ਕੰਪਨੀ ਡਾਮਿਨੋਜ਼ ਪਿਜ਼ਾ 'ਤੇ ਵੀ ਗਲੋਬਲ ਮੰਦੀ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਬ੍ਰਿਟੇਨ ਦੀ ਇਹ ਕੰਪਨੀ ਭਾਰੀ ਘਾਟੇ ਕਾਰਨ ਚਾਰ ਦੇਸ਼ਾਂ ਵਿਚੋਂ ਆਪਣਾ ਕਾਰੋਬਾਰ ਬੰਦ ਕਰਨ ਦਾ ਮਨ ਬਣਾ ਚੁੱਕੀ ਹੈ। ਬ੍ਰਿਟੇਨ ਦੀ ਸਭ ਤੋਂ ਵੱਡੀ ਪਿੱਜ਼ਾ ਡਿਲਵਰ ਕਰਨ ਵਾਲੀ ਕੰਪਨੀ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਨੁਕਸਾਨ ਦੇ ਕਾਰਨ ਚਾਰ ਦੇਸ਼ਾਂ ਵਿਚ ਆਪਣਾ ਕਾਰੋਬਾਰ ਬੰਦ ਕਰ ਰਹੀ ਹੈ। ਕੰਪਨੀ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਭਾਰੀ ਝਟਕਾ ਲੱਗ  ਸਕਦਾ ਹੈ ਜਿਨ੍ਹਾਂ ਨੂੰ ਪਿੱਜ਼ਾ ਖਾਣਾ ਬਹੁਤ ਪਸੰਦ ਹੈ। ਇਸ ਦੇ ਨਾਲ ਹੀ ਇਸ ਕੰਪਨੀ 'ਚ ਕੰਮ ਕਰਨ ਵਾਲੇ ਕਰਮਚਾਰੀ ਵੀ ਬੇਰੋਜ਼ਗਾਰ ਹੋ ਸਕਦੇ ਹਨ।
ਸਮਾਚਰ ਏਜੰਸੀ ਰਾਇਟਰਸ ਮੁਤਾਬਕ ਇਸ ਫੈਸਲੇ ਨੂੰ ਲੈ ਕੇ ਡਾਮਿਨੋਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਇਲਡ ਨੇ ਕਿਹਾ, 'ਅਸੀਂ ਇਸ ਸਿੱਟੇ 'ਤੇ ਪਹੁੰਚ ਚੁੱਕੇ ਹਾਂ ਕਿ ਜਿਹੜੇ ਦੇਸ਼ਾਂ 'ਚ ਅਸੀਂ ਘਾਟੇ 'ਚ ਜਾ ਰਹੇ ਹਾਂ ਉਥੋਂ ਦੇ ਆਕਰਸ਼ਕ ਬਜ਼ਾਰਾਂ ਦੀ ਅਗਵਾਈ ਅਸੀਂ ਨਹੀਂ ਕਰ ਸਕੇ। ਅਸੀਂ ਉਥੇ ਇਸ ਕਾਰੋਬਾਰ ਦੇ ਉੱਤਮ ਮਾਲਿਕ ਨਹੀਂ ਹਾਂ।'
ਹਾਲਾਂਕਿ ਭਾਰਤ ਦੇ ਲੋਕਾਂ ਨੂੰ ਇਸ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਡਾਮਿਨੋਜ਼ ਦਾ ਇਹ ਫੈਸਲਾ ਭਾਰਤ 'ਤੇ ਨਹੀਂ ਸਗੋਂ ਸਵਿੱਟਜ਼ਰਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਵਰਗੇ ਦੇਸ਼ਾਂ ਨੂੰ ਲੈ ਕੇ ਹੈ ਜਿਥੇ ਡਾਮਿਨੋਜ਼ ਨੂੰ ਲਗਾਤਾਰਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਇਹ ਕੰਪਨੀ ਮੂਲ ਰੂਪ ਨਾਲ ਅਮਰੀਕੀ ਬੇਸਡ Dominos Pizza Inc ਦੀ ਫ੍ਰੇਚਾਇਜ਼ੀ ਕੰਪਨੀ ਹੈ।


Related News