ਚੰਡੀਗੜ੍ਹ : ਡੋਮੀਨੋਜ਼ ਪਿਜ਼ਾ ਨੂੰ 2 ਕੈਰੀਬੈਗ ਦੇ 26 ਰੁਪਏ ਲੈਣੇ ਪਏ ਮਹਿੰਗੇ, 10 ਲੱਖ ਜੁਰਮਾਨਾ

12/18/2019 2:49:34 PM

ਚੰਡੀਗੜ੍ਹ — ਡੋਮੀਨੋਜ਼ ਪਿਜ਼ਾ ਦੇ ਸੈਕਟਰ-8 ਸੀ ਸਥਿਤ ਆਊਟਲੇਟ ’ਚ 2 ਗਾਹਕਾਂ ਤੋਂ ਪਿਜ਼ਾ ਪੈਕਿੰਗ ਲਈ ਕੈਰੀਬੈਗਸ ਦੇ 13-13 ਰੁਪਏ ਚਾਰਜ ਕਰਨਾ ਡੋਮੀਨੋਜ਼ ਕੰਪਨੀ ਨੂੰ ਬਹੁਤ ਮਹਿੰਗਾ ਪਿਆ। ਸਟੇਟ ਕੰਜ਼ਿਊਮਰਜ਼ ਰਿਡ੍ਰੈਸਲ ਕਮਿਸ਼ਨ ਚੰਡੀਗਡ਼੍ਹ ਨੇ ਦੋਵਾਂ ਮਾਮਲਿਆਂ ’ਚ 10 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਸਟੇਟ ਕਮਿਸ਼ਨ ਨੇ ਕੰਪਨੀ ਨੂੰ ਕੈਰੀਬੈਗ ਲਈ ਪੈਸੇ ਲੈਣ ’ਤੇ ਵੀ ਸਖ਼ਤ ਫਟਕਾਰ ਲਗਾਈ। ਕਮਿਸ਼ਨ ਨੇ ਕੰਪਨੀ ਨੂੰ ਨਿਰਦੇਸ਼ ਦਿੱਤਾ ਕਿ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਨਾ ਚੁੱਕਿਆ ਜਾਵੇ, ਕਿਉਂਕਿ ਅਜਿਹਾ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਕੰਪਨੀ ਨੇ ਕਮਿਸ਼ਨ ਦੇ ਸਾਹਮਣੇ ਸਫਾਈ ਦਿੱਤੀ ਕਿ ਉਹ ਪਹਿਲਾਂ ਤੋਂ ਹੀ ਪਿਜ਼ਾ ਬਾਕਸ ’ਚ ਪੈਕ ਕਰ ਦਿੰਦੇ ਹਨ, ਕੈਰੀਬੈਗ ਦੇਣ ਦਾ ਤਾਂ ਮਤਲਬ ਹੀ ਨਹੀਂ ਬਣਦਾ। ਕਮਿਸ਼ਨ ਨੇ ਉਨ੍ਹਾਂ ਦੀ ਦਲੀਲ ਨੂੰ ਨਹੀਂ ਮੰਨਿਆ।

ਦੋ ਮਾਮਲਿਆਂ ’ਚ ਵੱਖ-ਵੱਖ ਫੈਸਲਾ ਆਉਣ ’ਤੇ ਕੀਤੀ ਸੀ ਅਪੀਲ

13 ਰੁਪਏ ਕੈਰੀਬੈਗ ਦੇ ਚਾਰਜ ਕੀਤੇ ਗਏ

ਸੈਕਟਰ-28 ਸੀ ਨਿਵਾਸੀ ਵਕੀਲ ਪੰਕਜ ਚਾਂਦਗੋਠੀਆ ਨੇ ਖਪਤਕਾਰ ਫੋਰਮ ’ਚ ਸੈਕਟਰ-8 ਸੀ ਸਥਿਤ ਡੋਮੀਨੋਜ਼, ਜੁਬੀਲੈਂਟ ਫੂਡ ਵਰਕਸ ਲਿਮਟਿਡ ਖਿਲਾਫ਼ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੋ ਪਿਜ਼ਾ ਲੈਣ ਲਈ ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਸਟੋਰ ’ਚ ਭੇਜਿਆ। ਦੋ ਰੈਗੂਲਰ ਪਿਜ਼ਾ ਲਈ 306 ਰੁਪਏ ਮੰਗੇ ਗਏ। ਪੰਕਜ ਚਾਂਦਗੋਠੀਆ ਨੇ ਜਦੋਂ ਬਿੱਲ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿ ਕੈਰੀਬੈਗ ਲਈ 13 ਰੁਪਏ ਚਾਰਜ ਕੀਤੇ ਗਏ ਸਨ। ਇਸ ਤੋਂ ਬਾਅਦ ਚਾਂਦਗੋਠੀਆ ਨੇ ਜੂਨ, 2019 ਨੂੰ ਡਿਸਟ੍ਰਿਕਟ ਕੰਜ਼ਿਊਮਰ ਕੋਰਟ ’ਚ ਸ਼ਿਕਾਇਤ ਕੀਤੀ ਸੀ।

ਪਤਕਾਰ ਫੋਰਮ ਦਾ ਫੈਸਲਾ

ਪਹਿਲਾ ਮਾਮਲਾ

10,614 ਰੁਪਏ ਜੁਰਮਾਨਾ

ਵਕੀਲ ਚਾਂਦਗੋਠੀਆ ਦੀ ਸ਼ਿਕਾਇਤ ’ਤੇ ਖਪਤਕਾਰ ਫੋਰਮ ਨੇ 13 ਰੁਪਏ ਵਾਪਸ ਕਰਨ ਅਤੇ ਮਾਨਸਿਕ ਪੀਡ਼ਾ ਅਤੇ ਉਤਪੀਡ਼ਨ ਲਈ 100 ਰੁਪਏ ਦਾ ਮੁਆਵਜ਼ਾ ਅਤੇ 500 ਰੁਪਏ ਮੁਕੱਦਮਾ ਖਰਚ ਦੇਣ ਦੇ ਨਿਰਦੇਸ਼ ਦਿੱਤੇ, ਨਾਲ ਹੀ ਕੰਪਨੀ ਨੂੰ ਰਾਜ ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ ਚੰਡੀਗਡ਼੍ਹ ਦੇ ਸੈਕਟਰੀ ਦੇ ਨਾਮ ’ਤੇ ਕੰਜ਼ਿਊਮਰ ਲੀਗਲ ਏਡ ਅਕਾਊਂਟ ’ਚ 10 ਹਜ਼ਾਰ ਰੁਪਏ ਵੀ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ।

ਦੂਜਾ ਮਾਮਲਾ :

5 ਲੱਖ ਰੁਪਏ ਜੁਰਮਾਨਾ :

ਦੂਜਾ ਮਾਮਲਾ ਵੀ ਡੋਮੀਨੋਜ਼ ਪਿਜ਼ਾ ਦਾ ਹੀ ਸੀ, ਜਿਸ ਦੀ ਸ਼ਿਕਾਇਤ ਜਤਿੰਦਰ ਬਾਂਸਲ ਨਾਮਕ ਵਿਅਕਤੀ ਨੇ ਕੀਤੀ ਸੀ। ਇਸ ’ਚ ਜ਼ਿਲਾ ਖਪਤਕਾਰ ਫੋਰਮ-2 ਨੇ ਡੋਮੀਨੋਜ਼ ਪਿਜ਼ਾ ਨੂੰ 5 ਲੱਖ ਜੁਰਮਾਨਾ ਲਗਾਉਂਦੇ ਹੋਏ ਪਟੀਸ਼ਨਰ ਨੂੰ 1500 ਰੁਪਏ ਲਿਟੀਗੇਸ਼ਨ ਚਾਰਜ ਦੇ ਰੂਪ ’ਚ ਅਦਾ ਦੇਣ ਦਾ ਫੈਸਲਾ ਸੁਣਾਇਆ ਸੀ। ਡੋਮੀਨੋਜ ਪਿਜ਼ਾ ਵਲੋਂ ਜਤਿੰਦਰ ਬਾਂਸਲ ਵਾਲੇ ਫੈਸਲੇ ਨੂੰ ਸਟੇਟ ਕੰਜ਼ਿਊਮਰ ਕਮਿਸ਼ਨ ’ਚ ਚੁਣੌਤੀ ਦਿੱਤੀ ਗਈ ਸੀ ਕਿ ਜ਼ਿਲਾ ਖਪਤਕਾਰ ਫੋਰਮ ਨੇ ਫੈਸਲਾ ਠੀਕ ਨਹੀਂ ਕੀਤਾ।

ਵਕੀਲ ਚਾਂਦਗੋਠੀਆ ਨੇ ਕੀਤੀ ਬਰਾਬਰ ਸਜ਼ਾ ਦੀ ਮੰਗ :

ਵਕੀਲ ਪੰਕਜ ਚਾਂਦਗੋਠੀਆ ਨੇ ਜਤਿੰਦਰ ਬਾਂਸਲ ਦੀ ਸ਼ਿਕਾਇਤ ’ਤੇ ਆਏ ਹੁਕਮਾਂ ਦਾ ਹਵਾਲਾ ਦਿੰਦਿਆਂ ਸਟੇਟ ਕਮਿਸ਼ਨ ’ਚ ਅਪੀਲ ਦਾਖਲ ਕਰ ਕੇ ਡੋਮੀਨੋਜ਼ ਪਿਜ਼ਾ ਨੂੰ ਉਨ੍ਹਾਂ ਦੇ ਮਾਮਲੇ ’ਚ ਘੱਟ ਸਜ਼ਾ ਦੀ ਗੱਲ ਕਹਿ ਕੇ ਜਤਿੰਦਰ ਬਾਂਸਲ ਵਾਲੇ ਮਾਮਲੇ ਦੇ ਆਏ ਫੈਸਲੇ ਦੇ ਬਰਾਬਰ ਸਜ਼ਾ ਦੀ ਮੰਗ ਕੀਤੀ।

ਸਟੇਟ ਕਮਿਸ਼ਨ ਨੇ ਮੰਨਿਆ ਫੈਸਲੇ ਸਮਾਨ ਹੋਣੇ ਚਾਹੀਦੇ ਹਨ :

ਸਟੇਟ ਕਮਿਸ਼ਨ ਨੇ ਮੰਨਿਆ ਕਿ ਜ਼ਿਲਾ ਖਪਤਕਾਰ ਫੋਰਮ ਦੀਆਂ ਦੋਵਾਂ ਅਦਾਲਤਾਂ ਦੇ ਫੈਸਲੇ ਇਕ ਸਮਾਨ ਹੋਣੇ ਚਾਹੀਦੇ ਹੈ। ਉਥੇ ਹੀ ਡੋਮੀਨੋਜ਼ ਪਿਜ਼ਾ ਦੀ ਅਪੀਲ ਨੂੰ ਖਾਰਿਜ ਕਰਦਿਆਂ ਕੋਰਟ ਨੇ ਦੋਵਾਂ ਮਾਮਲਿਆਂ ’ਚ ਇਕ ਸਮਾਨ ਜੁਰਮਾਨਾ ਸੁਣਾਇਆ, ਜਿਸ ਤੋਂ ਬਾਅਦ ਹੁਣ ਡੋਮੀਨੋਜ਼ ਪਿਜ਼ਾ ਨੂੰ 9 ਲੱਖ 80 ਹਜ਼ਾਰ ਪੀ.ਜੀ.ਆਈ. ਦੇ ਪੂਅਰ ਪੇਸ਼ੈਂਟ ਵੈੱਲਫੇਅਰ ਫੰਡ ਅਤੇ 20 ਹਜ਼ਾਰ ਕਮਿਸ਼ਨ ਦੇ ਖਾਤੇ ’ਚ ਜਮ੍ਹਾ ਕਰਨੇ ਹੋਣਗੇ।

ਹੋਰਾਂ ਲਈ ਸਬਕ ਹੈ ਇਹ ਫੈਸਲਾ :

ਚਾਂਦਗੋਠੀਆ ਨੇ ਕਿਹਾ ਕਿ ਸਾਮਾਨ ਨਾਲ ਕੈਰੀਬੈਗ ਦਾ ਚਾਰਜ ਕਰਨ ਵਾਲਿਆਂ ਲਈ ਉਕਤ ਫੈਸਲਾ ਭਵਿੱਖ ਲਈ ਸਬਕ ਹੈ ਕਿ ਕੈਰੀਬੈਗ ਲਈ ਪੈਸੇ ਲੈਣਾ ਭਾਰੀ ਪਏਗਾ।


Related News