USA ਚੋਣਾਂ ਦੇ ਨਤੀਜੇ ਵਿਚਕਾਰ ਡਾਲਰ 'ਚ ਵੱਡੀ ਬੜ੍ਹਤ, ਵੇਖੋ ਨਵਾਂ ਮੁੱਲ

11/04/2020 3:46:54 PM

ਮੁੰਬਈ— ਬੁੱਧਵਾਰ ਨੂੰ ਡਾਲਰ ਦੇ ਰੁਖ਼ 'ਚ ਮਜਬੂਤੀ ਦੇ ਮੱਦੇਨਜ਼ਰ ਰੁਪਿਆ 35 ਪੈਸੇ ਡਿੱਗ ਕੇ 74.76 ਪ੍ਰਤੀ ਡਾਲਰ 'ਤੇ ਜਾ ਪੁੱਜਾ। ਕਾਰੋਬਾਰ ਦੇ ਸ਼ੁਰੂ 'ਚ ਭਾਰਤੀ ਕਰੰਸੀ ਕਮਜ਼ੋਰੀ ਨਾਲ 74.74 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ ਅਤੇ ਕਾਰੋਬਾਰ ਦੌਰਾਨ ਇਸ 'ਚ ਕਮਜ਼ੋਰੀ ਬਣੀ ਰਹੀ।

ਪਿਛਲੇ ਕਾਰੋਬਾਰੀ ਦਿਨ ਡਾਲਰ ਦਾ ਮੁੱਲ 74.41 ਰੁਪਏ ਰਿਹਾ ਸੀ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿਚਕਾਰ ਡਾਲਰ 'ਚ ਮਜਬੂਤੀ ਦਰਜ ਕੀਤੀ ਗਈ।


ਵੋਟਾਂ ਦੀ ਗਿਣਤੀ 'ਚ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡੇਨ ਅੱਗੇ ਚੱਲ ਰਹੇ ਹਨ। ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨਾਲ ਉਨ੍ਹਾਂ ਦਾ ਕਈ ਜਗ੍ਹਾ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਇਸ ਦੌਰਾਨ ਤੱਕ 538 ਇਲੈਕਟ੍ਰੋਲ ਕਾਲਜ ਸੀਟਾਂ 'ਚੋਂ ਬਾਈਡੇਨ 220 ਅਤੇ ਟਰੰਪ 213 'ਤੇ ਅੱਗੇ ਚੱਲ ਰਹੇ ਸਨ। ਰਾਸ਼ਟਰਪਤੀ ਬਣਨ ਲਈ 270 ਦਾ ਅੰਕੜਾ ਜ਼ਰੂਰੀ ਹੈ। ਇਸ ਵਿਚਕਾਰ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ 'ਚ ਮਜਬੂਤੀ ਦੇਖੀ ਗਈ। ਇਸ ਦੀ ਮਜਬੂਤੀ ਦਰਸਾਉਣ ਵਾਲਾ ਸੂਚਕ ਅੰਕ 0.35 ਫੀਸਦੀ ਵੱਧ ਕੇ 93.88 'ਤੇ ਪਹੁੰਚ ਗਿਆ। ਉੱਥੇ ਹੀ, ਭਾਰਤੀ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ।

ਬੀ. ਐੱਸ. ਈ. ਸੈਂਸੈਕਸ 355 ਅੰਕ ਯਾਨੀ 0.88 ਫੀਸਦੀ ਦੀ ਤੇਜ਼ੀ ਨਾਲ 40,614 ਦੇ ਪੱਧਰ ਅਤੇ ਨਿਫਟੀ 95 ਅੰਕ ਯਾਨੀ 0.80 ਫੀਸਦੀ ਦੀ ਬੜ੍ਹਤ ਨਾਲ 11,908 ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ, ਬਾਜ਼ਾਰ 'ਚ ਤੇਜ਼ੀ ਦੇ ਬਾਵਜੂਦ ਰੁਪਏ ਨੂੰ ਸਮਰਥਨ ਨਹੀਂ ਮਿਲਿਆ।  ਐਡੇਲਵਿਸ ਸਕਿਓਰਿਟੀਜ਼ ਦੇ ਮੁਖੀ (ਫੋਰੈਕਸ ਅਤੇ ਰੇਟਸ) ਸੇਜਲ ਗੁਪਤਾ ਨੇ ਕਿਹਾ ਕਿ ਅਮਰੀਕਾ ਦੇ ਚੋਣ ਨਤੀਜਿਆਂ 'ਚ ਦੇਰੀ ਨੇ ਭਾਰਤੀ ਰੁਪਏ ਨੂੰ ਪ੍ਰਭਾਵਿਤ ਕੀਤਾ। ਹਾਲਾਂਕਿ, ਉਨ੍ਹਾਂ ਕਿਹਾ “ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਜਿੱਤਦਾ ਹੈ। ਰਾਹਤ ਪੈਕੇਜ ਆਉਣ ਵਾਲਾ ਹੈ। ਇਸ ਲਈ ਉਮੀਦ ਹੈ ਕਿ ਸਪੱਸ਼ਟ ਜਿੱਤ ਤੋਂ ਬਾਅਦ ਦੋ ਹਫਤਿਆਂ ਦੇ ਸਮੇਂ 'ਚ ਅਮਰੀਕੀ ਡਾਲਰ ਕਮਜ਼ੋਰ ਹੋ ਜਾਵੇਗਾ।''

Sanjeev

This news is Content Editor Sanjeev