ਭਾਰਤੀ ਰੁਪਏ 'ਚ ਜ਼ੋਰਦਾਰ ਉਛਾਲ, ਡਾਲਰ ਦੀ ਕੀਮਤ ਇੰਨੀ ਘਟੀ

08/27/2020 3:57:16 PM

ਮੁੰਬਈ, (ਭਾਸ਼ਾ)— ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਟਿੱਪਣੀ ਮਗਰੋਂ ਵੀਰਵਾਰ ਨੂੰ ਰੁਪਏ ਨੇ ਚੰਗੀ ਤੇਜ਼ੀ ਦਰਜ ਕੀਤੀ ਹੈ। ਡਾਲਰ ਦੇ ਮੁਕਾਬਲੇ 48 ਪੈਸੇ ਦੀ ਜ਼ੋਰਦਾਰ ਤੇਜ਼ੀ ਨਾਲ ਰੁਪਿਆ 73.82 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਦਿਨ ਇਸ ਦੀ ਕੀਮਤ 74.30 ਰੁਪਏ ਪ੍ਰਤੀ ਡਾਲਰ ਰਹੀ ਸੀ। 20 ਅਗਸਤ ਤੋਂ ਹੁਣ ਤੱਕ ਰੁਪਿਆ ਕੁੱਲ ਮਿਲਾ ਕੇ 1 ਰੁਪਏ 20 ਪੈਸੇ ਦੀ ਬਡ਼੍ਹਤ ਹਾਸਲ ਕਰ ਚੁੱਕਾ ਹੈ।

ਰਿਜ਼ਰਵ ਬੈਂਕ ਗਵਰਨਰ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਬਣੇ ਮੌਜੂਦਾ ਹਾਲਾਤ ਨਾਲ ਨਜਿੱਠਣ ਲਈ ਆਰ. ਬੀ. ਆਈ. ਦੇ ਤਰਕਸ਼ ਦੇ ਤੀਰ ਖ਼ਤਮ ਨਹੀਂ ਹੋਏ ਹਨ, ਜਿਸ 'ਚ ਦਰ 'ਚ ਕਟੌਤੀ ਜਾਂ ਹੋਰ ਨੀਤੀਗਤ ਕਦਮ ਸ਼ਾਮਲ ਹਨ।

ਭਾਰਤੀ ਕਰੰਸੀ ਅੱਜ 74.30 ਡਾਲਰ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ, ਜਿਸ ਨੇ ਸ਼ਕਤੀਕਾਂਤ ਦਾਸ ਦੀ ਟਿੱਪਣੀ ਮਗਰੋਂ ਜਲਦ ਹੀ ਤੇਜ਼ੀ ਦਾ ਰੁਖ਼ ਧਾਰਨ ਕਰਦੇ ਹੋਏ ਬੜ੍ਹਤ ਹਾਸਲ ਕਰ ਲਈ ਅਤੇ ਕਾਰੋਬਾਰ ਦੀ ਸਮਾਪਤੀ 'ਤੇ 73.82 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ।

ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 73.81 ਰੁਪਏ ਪ੍ਰਤੀ ਡਾਲਰ ਅਤੇ 74.36 ਰੁਪਏ ਪ੍ਰਤੀ ਡਾਲਰ ਦੀ ਰੇਂਜ 'ਚ ਰਿਹਾ। ਉੱਥੇ ਹੀ, ਪ੍ਰਮੁੱਖ 6 ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤੀ ਨੂੰ ਮਾਪਣ ਵਾਲਾ ਸੂਚਕ 0.17 ਫੀਸਦੀ ਡਿੱਗ ਕੇ 92.84 'ਤੇ ਆ ਗਿਆ। ਗੌਰਤਲਬ ਹੈ ਕਿ 20 ਅਗਸਤ ਨੂੰ ਅਮਰੀਕੀ ਡਾਲਰ ਦੀ ਕੀਮਤ 75.02 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ ਸੀ।

Sanjeev

This news is Content Editor Sanjeev