ਡਾਲਰ ਦੀ ਉੱਚੀ ਛਲਾਂਗ, ਐੱਨ. ਆਰ. ਆਈਜ਼. ਦੀ ਭਰੇਗੀ ਜੇਬ

09/22/2017 3:27:02 PM

ਨਵੀਂ ਦਿੱਲੀ— ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਬਾਹਰ ਹੈ ਤਾਂ ਡਾਲਰ 'ਚ ਆਉਣ ਵਾਲੇ ਪੈਸਿਆਂ ਨਾਲ ਤੁਹਾਡੀ ਜੇਬ ਭਰ ਸਕਦੀ ਹੈ। ਪਿਛਲੇ ਹਫਤੇ ਸ਼ੁੱਕਰਵਾਰ ਨੂੰ 64.07 ਰੁਪਏ 'ਤੇ ਰਿਹਾ ਡਾਲਰ ਦਾ ਰੇਟ ਹੁਣ ਵੱਧ ਕੇ 65 ਰੁਪਏ ਦੇ ਨੇੜੇ ਜਾ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 5 ਪੈਸੇ ਦੀ ਮਜ਼ਬੂਤੀ ਨਾਲ 64.07 'ਤੇ ਬੰਦ ਹੋਇਆ ਸੀ। ਜਦੋਂ ਕਿ ਇਸ ਹਫਤੇ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਦੀ ਕਮਜ਼ੋਰੀ ਨਾਲ 64.13 'ਤੇ ਬੰਦ ਹੋਇਆ ਯਾਨੀ ਡਾਲਰ ਦੀ ਕੀਮਤ ਵੱਧ ਗਈ। ਇਸੇ ਤਰ੍ਹਾਂ ਮੰਗਲਵਾਰ ਨੂੰ ਡਾਲਰ ਦੀ ਕੀਮਤ ਵੱਧ ਕੇ 64.32 ਰੁਪਏ ਤਕ ਪਹੁੰਚ ਗਈ। ਬੁੱਧਵਾਰ ਦੇ ਕਾਰੋਬਾਰੀ ਦਿਨ ਡਾਲਰ ਹਾਲਾਂਕਿ ਕਮਜ਼ੋਰ ਹੋ ਗਿਆ ਅਤੇ ਇਸ ਦੀ ਕੀਮਤ ਘੱਟ ਕੇ 64.26 ਰੁਪਏ ਪ੍ਰਤੀ ਡਾਲਰ 'ਤੇ ਆ ਗਈ। ਉੱਥੇ ਹੀ, ਵੀਰਵਾਰ ਨੂੰ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਵੱਲੋਂ ਵਿਆਜ ਦਰ ਵਧਾਏ ਜਾਣ ਦੇ ਸੰਕਤੇ ਤੋਂ ਬਾਅਦ ਡਾਲਰ ਦਾ ਰੇਟ ਵੱਧ ਕੇ 64.80 ਰੁਪਏ 'ਤੇ ਪਹੁੰਚ ਗਿਆ। ਇਸ ਦਿਨ ਰੁਪਏ 'ਚ 55 ਪੈਸੇ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਢਾਈ ਮਹੀਨਿਆਂ ਤੋਂ ਬਾਅਦ ਭਾਰਤੀ ਕਰੰਸੀ ਦਾ ਸਭ ਤੋਂ ਹੇਠਲਾ ਪੱਧਰ ਹੈ।
ਡਾਲਰ ਦਾ ਕਿਉਂ ਵਧਿਆ ਰੇਟ, ਰੁਪਏ 'ਚ ਕਮਜ਼ੋਰੀ ਦਾ ਕੀ ਹੈ ਕਾਰਨ?
ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੀ ਕਰੰਸੀ ਨੀਤੀ 'ਤੇ ਹੋਈ 2 ਦਿਨਾਂ ਬੈਠਕ ਤੋਂ ਬਾਅਦ ਡਾਲਰ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ। ਫੈਡਰਲ ਰਿਜ਼ਰਵ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਇਸ ਸਾਲ 1 ਵਾਰ ਵਿਆਜ ਦਰ ਵਧਾਏਗਾ, ਜਦੋਂ ਕਿ ਅਗਲੇ ਸਾਲ 3 ਵਾਰ ਹੋਰ ਇਸ 'ਚ ਵਾਧਾ ਕੀਤਾ ਜਾ ਸਕਦਾ ਹੈ। ਇਸ ਦੇ ਮੱਦੇਨਜ਼ਰ ਡਾਲਰ ਦੀ ਮੰਗ ਵਧਣ ਨਾਲ ਇਸ 'ਚ ਤੇਜ਼ੀ ਆ ਗਈ। ਉੱਥੇ ਹੀ, ਅਰਥਵਿਵਸਥਾ ਦੀ ਸਥਿਤੀ ਸੁਧਾਰਨ ਲਈ ਅਰੁਣ ਜੇਤਲੀ ਵੱਲੋਂ ਪੈਕੇਜ ਦੇ ਐਲਾਨ ਸੰਬੰਧੀ ਬਿਆਨ ਨਾਲ ਵੀ ਭਾਰਤੀ ਕਰੰਸੀ 'ਤੇ ਦਬਾਅ ਪਿਆ ਹੈ। ਵੀਰਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜੇਤਲੀ ਨੇ ਕਿਹਾ ਸੀ ਕਿ ਸਰਕਾਰ ਛੇਤੀ ਹੀ ਵਿਕਾਸ ਨੂੰ ਰਫਤਾਰ ਦੇਣ ਲਈ ਪੈਕੇਜ ਦਾ ਐਲਾਨ ਕਰ ਸਕਦੀ ਹੈ। ਇਸ ਬਿਆਨ ਨਾਲ ਨਿਵੇਸ਼ਕਾਂ 'ਚ ਇਹ ਚਿੰਤਾ ਵੱਧ ਗਈ ਕਿ ਪੈਕੇਜ ਦੇਣ ਨਾਲ ਵਿੱਤੀ ਘਾਟਾ ਵਧੇਗਾ ਅਤੇ ਸਰਕਾਰ ਦੀ ਕਮਜ਼ੋਰ ਕਮਾਈ ਨਾਲ ਸ਼ੇਅਰ ਕੀਮਤਾਂ 'ਤੇ ਅਸਰ ਪਵੇਗਾ। ਇਸ ਦੇ ਮੱਦੇਨਜ਼ਰ ਰੁਪਏ 'ਤੇ ਦਬਾਅ ਹੋਰ ਵੱਧ ਗਿਆ ਅਤੇ ਇਹ 55 ਪੈਸੇ ਦੀ ਭਾਰੀ ਗਿਰਾਵਟ ਨਾਲ 64.80 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ।