ਡਾਲਰ ਦਾ ਰੇਟ 66 ਰੁਪਏ ਦੇ ਪਾਰ, ਵਿਦੇਸ਼ ਘੁੰਮਣਾ ਹੋਵੇਗਾ ਮਹਿੰਗਾ!

04/21/2018 8:11:49 AM

ਨਵੀਂ ਦਿੱਲੀ— ਇਕ ਡਾਲਰ ਦਾ ਰੇਟ ਹੁਣ 66 ਰੁਪਏ ਦਾ ਪਾਰ ਹੋ ਚੁੱਕਾ ਹੈ। ਬੀਤੇ ਹਫਤੇ ਦੇ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਡਾਲਰ ਦੀ ਕੀਮਤ 65 ਰੁਪਏ 20 ਪੈਸੇ 'ਤੇ ਸੀ, ਜੋ ਹੁਣ ਤਕਰੀਬਨ 1 ਰੁਪਏ ਤਕ ਵਧ ਗਈ ਹੈ। ਡਾਲਰ 'ਚ ਤੇਜ਼ੀ ਹੋਣ ਦਾ ਮਤਲਬ ਹੈ ਕਿ ਵਿਦੇਸ਼ਾਂ ਤੋਂ ਸਾਮਾਨ ਮੰਗਾਉਣਾ ਮਹਿੰਗਾ ਹੋ ਜਾਵੇਗਾ ਕਿਉਂਕਿ ਜ਼ਿਆਦਾਤਰ ਖਰੀਦਦਾਰੀ ਡਾਲਰ 'ਚ ਹੀ ਹੁੰਦੀ ਹੈ। ਉੱਥੇ ਹੀ, ਜੋ ਕੰਪਨੀਆਂ ਵਿਦੇਸ਼ੀ ਮਾਲ 'ਤੇ ਜ਼ਿਆਦਾ ਨਿਰਭਰ ਹਨ, ਉਨ੍ਹਾਂ ਦੀ ਲਾਗਤ ਵਧ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਗਾਹਕਾਂ 'ਤੇ ਵੀ ਪੈਂਦਾ ਹੈ। ਹਾਲਾਂਕਿ ਡਾਲਰ ਮਹਿੰਗਾ ਹੋਣ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੁੰਦਾ ਹੈ, ਯਾਨੀ ਜੋ ਲੋਕ ਵਿਦੇਸ਼ 'ਚੋਂ ਆਪਣੇ ਭਾਰਤ ਬੈਠੇ ਪਰਿਵਾਰਾਂ ਨੂੰ ਡਾਲਰ 'ਚ ਰਕਮ ਭੇਜਦੇ ਹਨ ਉਨ੍ਹਾਂ ਦੀ ਰਕਮ ਇੱਥੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬਣਦੀ ਹੈ।


ਉੱਥੇ ਹੀ, ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ ਘੁੰਮਣਾ ਮਹਿੰਗਾ ਪੈਂਦਾ ਹੈ, ਯਾਨੀ ਡਾਲਰ ਖਰੀਦਣ ਲਈ ਜ਼ਿਆਦਾ ਰੁਪਏ ਖਰਚ ਕਰਨੇ ਪੈਂਦੇ ਹਨ। ਇਸੇ ਤਰ੍ਹਾਂ ਵਿਦੇਸ਼ੀ ਪੜ੍ਹਾਈ ਵੀ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀਆਂ ਦਾ ਖਰਚਾ-ਪਾਣੀ ਭਾਰਤ ਤੋਂ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਕੇ-ਸੰਬੰਧੀ ਭੇਜਦੇ ਹਨ। ਇੰਨਾ ਹੀ ਨਹੀਂ ਡਾਲਰ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਅਸਰ ਪਵੇਗਾ। ਇਕ ਪਾਸੇ ਕੌਮਾਂਤਰੀ ਬਾਜ਼ਾਰਾਂ 'ਚ ਕੱਚਾ ਤੇਲ ਪਹਿਲਾਂ ਹੀ 74 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਚੁੱਕਾ ਹੈ, ਦੂਜੇ ਪਾਸੇ ਰੁਪਿਆ ਕਮਜ਼ੋਰ ਹੋਣ ਨਾਲ ਭਾਰਤ ਨੂੰ ਇਸ ਦੀ ਖਰੀਦ ਹੋਰ ਮਹਿੰਗੀ ਪੈ ਸਕਦੀ ਹੈ।

65.20 ਰੁਪਏ ਤੋਂ 66.12 ਰੁਪਏ ਤਕ ਦਾ ਸਫਰ-

ਬੀਤੇ ਹਫਤੇ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 65.20 ਦੇ ਪੱਧਰ 'ਤੇ ਬੰਦ ਹੋਇਆ ਸੀ, ਜੋ ਇਸ ਹਫਤੇ ਸ਼ੁੱਕਰਵਾਰ ਨੂੰ 66.12 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਸ ਹਿਸਾਬ ਨਾਲ ਦੇਖੀਏ ਤਾਂ ਰੁਪਿਆ 92 ਪੈਸੇ ਕਮਜ਼ੋਰ ਹੋਇਆ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਡਾਲਰ ਦਾ ਮੁੱਲ ਚੜ੍ਹਿਆ ਹੈ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 65.20 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਬਾਅਦ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 29 ਪੈਸੇ ਕਮਜ਼ੋਰ ਹੋ ਕੇ 65.49 ਦੇ ਪੱਧਰ 'ਤੇ ਪਹੁੰਚ ਗਿਆ, ਯਾਨੀ ਡਾਲਰ ਦਾ ਰੇਟ ਮਜ਼ਬੂਤ ਹੋਇਆ। ਉੱਥੇ ਹੀ, ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਇਕ ਡਾਲਰ ਦੀ ਰੁਪਏ 'ਚ ਕੀਮਤ 65.49 ਦੇ ਮੁਕਾਬਲੇ 15 ਪੈਸੇ ਹੋਰ ਵਧ ਕੇ 65.64 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ। ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਡਾਲਰ ਦੇ ਮੁਕਾਬਲੇ ਰੁਪਿਆ 65.66 'ਤੇ ਬੰਦ ਹੋਇਆ, ਜਦੋਂ ਕਿ ਵੀਰਵਾਰ ਨੂੰ ਡਾਲਰ ਦਾ ਰੇਟ 66.80 ਰੁਪਏ 'ਤੇ ਪਹੁੰਚ ਗਿਆ। ਇਸ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਇਕ ਡਾਲਰ ਦੀ ਕੀਮਤ ਰੁਪਏ 'ਚ 32 ਪੈਸੇ ਹੋਰ ਵਧ ਕੇ 66.12 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ।