ਡਾਲਰ ''ਚ ਤੇਜ਼ੀ, ਵਿਦੇਸ਼ ਘੁੰਮਣਾ ਹੋਵੇਗਾ ਮਹਿੰਗਾ, NRIs ਨੂੰ ਫਾਇਦਾ!

04/18/2018 3:57:39 PM

ਨਵੀਂ ਦਿੱਲੀ— ਚਾਰ ਦਿਨਾਂ 'ਚ ਡਾਲਰ ਦਾ ਰੇਟ 65.20 ਰੁਪਏ ਤੋਂ ਵਧ ਕੇ 66 ਰੁਪਏ ਦੇ ਨੇੜੇ ਪਹੁੰਚ ਚੁੱਕਾ ਹੈ। ਇਸ ਦਾ ਫਾਇਦਾ ਐੱਨ. ਆਰ. ਆਈਜ਼. ਨੂੰ ਹੋ ਰਿਹਾ ਹੈ, ਯਾਨੀ ਜੋ ਲੋਕ ਵਿਦੇਸ਼ਾਂ 'ਚੋਂ ਆਪਣੇ ਭਾਰਤ ਬੈਠੇ ਪਰਿਵਾਰਾਂ ਨੂੰ ਡਾਲਰ 'ਚ ਰਕਮ ਭੇਜ ਰਹੇ ਹਨ ਉਨ੍ਹਾਂ ਦੀ ਰਕਮ 'ਚ ਇੱਥੇ ਵਾਧਾ ਹੋਇਆ ਹੈ। ਹਾਲਾਂਕਿ ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ਾਂ 'ਚੋਂ ਸਾਮਾਨ ਭਾਰਤ ਮੰਗਾਉਣਾ ਮਹਿੰਗਾ ਹੋ ਜਾਂਦਾ ਹੈ, ਨਾਲ ਹੀ ਘੁੰਮਣਾ-ਫਿਰਨਾ ਵੀ ਜੇਬ 'ਤੇ ਭਾਰੀ ਪੈਂਦਾ ਹੈ। ਬੀਤੇ ਹਫਤੇ ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 65.21 'ਤੇ ਬੰਦ ਹੋਇਆ ਸੀ, ਜੋ ਇਸ ਹਫਤੇ ਬੁੱਧਵਾਰ ਨੂੰ 65.66 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ ਹੈ। ਜੇਕਰ ਡਾਲਰ 'ਚ ਇਸੇ ਤਰ੍ਹਾਂ ਤੇਜ਼ੀ ਬਰਕਰਾਰ ਰਹੀ, ਤਾਂ ਜਲਦ ਹੀ ਇਸ ਦਾ ਰੇਟ 66 ਰੁਪਏ ਪ੍ਰਤੀ ਡਾਲਰ ਤਕ ਪਹੁੰਚ ਸਕਦਾ ਹੈ। ਅਜਿਹਾ ਹੋਣ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਅਸਰ ਪਵੇਗਾ।

ਜੇਕਰ ਸ਼ੁੱਕਰਵਾਰ ਅਤੇ ਮੰਗਲਵਾਰ ਦੇ ਕਾਰੋਬਾਰੀ ਦਿਨ ਬੰਦ ਹੋਏ ਰੇਟਾਂ ਨੂੰ ਲੈ ਕੇ ਗੱਲ ਕਰੀਏ ਤਾਂ, ਰੁਪਿਆ 0.44 ਪੈਸੇ ਕਮਜ਼ੋਰ ਹੋ ਚੁੱਕਾ ਹੈ। ਉੱਥੇ ਹੀ, ਜੇਕਰ ਅੱਜ ਯਾਨੀ ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਡਾਲਰ ਦੇ ਮੁਕਾਬਲੇ ਰੁਪਏ ਦੀ ਸ਼ੁਰੂਆਤ ਦੇ ਹਿਸਾਬ ਨਾਲ ਦੇਖੀਏ ਤਾਂ ਰੁਪਿਆ 0.46 ਪੈਸੇ ਕਮਜ਼ੋਰ ਹੋਇਆ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਡਾਲਰ ਦਾ ਮੁੱਲ ਚੜ੍ਹਿਆ ਹੈ। ਸ਼ੁੱਕਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ 65.20 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਬਾਅਦ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 29 ਪੈਸੇ ਕਮਜ਼ੋਰ ਹੋ ਕੇ 65.49 ਦੇ ਪੱਧਰ 'ਤੇ ਪਹੁੰਚ ਗਿਆ, ਯਾਨੀ ਡਾਲਰ ਦਾ ਰੇਟ ਮਜ਼ਬੂਤ ਹੋਇਆ। ਉੱਥੇ ਹੀ, ਬੀਤੇ ਦਿਨੀਂ ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਇਕ ਡਾਲਰ ਦੀ ਰੁਪਏ 'ਚ ਕੀਮਤ 65.49 ਦੇ ਮੁਕਾਬਲੇ 15 ਪੈਸੇ ਹੋਰ ਵਧ ਕੇ 65.64 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ। ਬੁੱਧਵਾਰ ਦੇ ਕਾਰੋਬਾਰੀ ਸਤਰ 'ਚ ਡਾਲਰ ਦੇ ਮੁਕਾਬਲੇ ਰੁਪਿਆ 65.66 ਦੇ ਪੱਧਰ 'ਤੇ ਖੁੱਲ੍ਹਾ ਹੈ।