RBI ਸਰਕੂਲਰ ਨੇ ਯੈੱਸ ਬੈਂਕ ਗਾਹਕਾਂ ਦੀ ਉਡਾਈ ਨੀਂਦ, ਕੀ ਹੋਵੇਗਾ ਪੈਸੇ ਦਾ?

03/07/2020 3:39:59 PM

ਨਵੀਂ ਦਿੱਲੀ— 1,100 ਤੋਂ ਵੱਧ ਸ਼ਾਖਾਵਾਂ ਤੇ 21 ਹਜ਼ਾਰ ਤੋਂ ਵੱਧ ਕਰਮਚਾਰੀਆਂ ਵਾਲੀ ਯੈੱਸ ਬੈਂਕ ਹੁਣ 'ਨੌ ਬੈਂਕ' ਦੀ ਕਗਾਰ 'ਤੇ ਪਹੁੰਚ ਗਈ ਹੈ। ਬੈਂਕ ਮਾੜੀ ਹਾਲਤ 'ਚ ਹੈ, ਕਾਫੀ ਸਮੇਂ ਪਹਿਲਾਂ ਤੋਂ ਹੀ ਇਹ ਗੱਲਾਂ ਕੀਤੀਆਂ ਜਾ ਰਹੀਆਂ ਸਨ ਪਰ ਬੈਂਕ ਦਾ ਪ੍ਰਬੰਧਨ ਬੋਰਡ ਇਹ ਭਰੋਸਾ ਦਿੰਦਾ ਰਿਹਾ ਕਿ ਗਾਹਕਾਂ ਦਾ ਭਰੋਸਾ ਨਹੀਂ ਟੁੱਟਣ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਜਮ੍ਹਾ ਪੈਸੇ ਬੈਂਕ ਕੋਲ ਸੁਰੱਖਿਅਤ ਹਨ। ਉੱਥੇ ਹੀ, ਵੀਰਵਾਰ ਸ਼ਾਮ ਨੂੰ ਭਾਰਤੀ ਰਿਜ਼ਰਵ ਬੈਂਕ ਦੇ ਇਕ ਸਰਕੂਲਰ ਨੇ ਯੈੱਸ ਬੈਂਕ ਦੇ ਗਾਹਕਾਂ ਦੀ ਨੀਂਦ ਉਡਾ ਦਿੱਤੀ। ਰਿਜ਼ਰਵ ਬੈਂਕ ਨੇ ਇਕਦਮ ਕਾਰਵਾਈ ਕਰਦੇ ਹੋਏ ਯੈੱਸ ਬੈਂਕ ਦੇ ਬੋਰਡ ਨੂੰ ਭੰਗ ਕਰ ਦਿੱਤਾ ਅਤੇ ਇਸ ਨੂੰ ਸੰਕਟ 'ਚੋਂ ਕੱਢਣ ਲਈ ਪ੍ਰਬੰਧਕ ਨਿਯੁਕਤ ਕਰ ਦਿੱਤਾ। ਯੈੱਸ ਬੈਂਕ ਸੰਕਟ ਨਾਲ ਸਿਰਫ ਗਾਹਕ ਹੀ ਨਹੀਂ ਬੈਂਕ ਕਰਮਚਾਰੀਆਂ ਦੀ ਵੀ ਅਰਾਮ ਦੀ ਨੀਂਦ ਖਰਾਬ ਹੋ ਗਈ ਹੈ। ਹੁਣ ਸਵਾਲ ਇਹ ਹਨ ਕੀ ਜਿਨ੍ਹਾਂ ਦਾ ਪੈਸਾ ਇਸ ਬੈਂਕ 'ਚ ਜਮ੍ਹਾ ਹੈ ਉਨ੍ਹਾਂ ਦਾ ਕੀ ਹੋਵੇਗਾ?

 

ਇਹ ਲੋਕ ਕਢਵਾ ਸਕਦੇ ਹਨ 5 ਲੱਖ


ਭਾਰਤੀ ਰਿਜ਼ਰਵ ਬੈਂਕ ਨੇ ਨਕਦੀ ਨਾਲ ਜੂਝ ਰਹੇ ਯੈੱਸ ਬੈਂਕ 'ਚੋਂ ਪੈਸੇ ਕਢਵਾਉਣ ਦੀ ਲਿਮਟ ਨਿਰਧਾਰਤ ਕੀਤੀ ਹੈ, ਜੋ ਕਿ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਇਸ ਤੋਂ ਵੱਧ ਤੁਸੀਂ 5 ਲੱਖ ਰੁਪਏ ਤੱਕ ਵੀ ਰਕਮ ਕਢਾ ਸਕਦੇ ਹੋ, ਜਿਸ ਲਈ ਕੁਝ ਸ਼ਰਤਾਂ ਹਨ। 
ਉਹ ਤਿੰਨ ਸ਼ਰਤਾਂ ਇਹ ਹਨ- ਜੇਕਰ ਜਮ੍ਹਾ ਕਰਤਾ ਜਾਂ ਉਸ 'ਤੇ ਨਿਰਭਰ ਕਿਸੇ ਪਰਿਵਾਰਕ ਮੈਂਬਰ ਦਾ ਇਲਾਜ ਕਰਵਾਉਣਾ ਹੈ। ਇਸ ਤੋਂ ਇਲਾਵਾ ਪੜ੍ਹਾਈ ਲਈ ਭਾਰਤ ਜਾਂ ਦੇਸ਼ ਦੇ ਬਾਹਰ ਖਰਚ ਕਰਨ ਲਈ 50 ਹਜ਼ਾਰ ਰੁਪਏ ਤੋਂ ਵੱਧ ਦੀ ਜ਼ਰੂਰਤ ਹੈ, ਜਾਂ ਫਿਰ ਵਿਆਹ-ਸ਼ਾਦੀ ਜਾਂ ਹੋਰ ਪ੍ਰੋਗਰਾਮ ਦੇ ਮੌਕੇ 'ਤੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਲੋੜ ਹੈ। ਇਸ ਲਈ ਬਕਾਇਦਾ ਸਬੂਤ ਦੇਣਾ ਹੋਵੇਗਾ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਮੈਡੀਕਲ ਐਮਰਜੈਂਸੀ, ਪੜ੍ਹਾਈ ਦੀ ਫੀਸ ਜਾਂ ਘਰ 'ਚ ਵਿਆਹ ਹੋਣ 'ਤੇ 5 ਲੱਖ ਰੁਪਏ ਕਢਵਾਏ ਜਾ ਸਕਦੇ ਹਨ।
 

 

EMI ਜਾਂ ਇੰਸ਼ੋਰੈਂਸ ਦੀ ਕਿਸ਼ਤ ਦਾ ਕੀ ਹੋਵੇਗਾ?
ਕਿਸ਼ਤ 50 ਹਜ਼ਾਰ ਰੁਪਏ ਤੱਕ ਦੀ ਹੈ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਜੇਕਰ ਈ. ਐੱਮ. ਆਈ., ਐੱਸ. ਆਈ. ਪੀ. ਜਾਂ ਇੰਸ਼ੋਰੈਂਸ ਦੀ ਕਿਸ਼ਤ ਇਸ ਤੋਂ ਵੱਧ ਹੈ ਤਾਂ ਉਹ ਬਾਊਂਸ ਹੋ ਜਾਵੇਗੀ। ਇਸ ਤੋਂ ਬਚਣ ਲਈ ਤੁਸੀਂ ਕਿਸ਼ਤ ਕਿਸੇ ਹੋਰ ਸਰੋਤ ਜ਼ਰੀਏ ਕਟਵਾ ਸਕਦੇ ਹੋ।
 

ਯੂ. ਪੀ. ਆਈ., NEFT ਟ੍ਰਾਂਜੈਕਸ਼ਨ ਹੋ ਸਕਦਾ ਹੈ-
ਯੈੱਸ ਬੈਂਕ ਗਾਹਕ ਯੂ. ਪੀ. ਆਈ., ਨੈਸ਼ਨਲ ਇਲੈਕਟ੍ਰਾਨਿਕ ਟਰਾਂਸਫਰ (ਐੱਨ. ਈ. ਐੱਫ. ਟੀ.) ਵਰਗੇ ਟ੍ਰਾਂਜੈਕਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਰੇ ਤਰ੍ਹਾਂ ਦੇ ਲੈਣ-ਦੇਣ 'ਤੇ ਰੋਕ ਲਗਾਈ ਗਈ ਹੈ। ਯੈੱਸ ਬੈਂਕ ਦੇ ATM ਬੰਦ ਹਨ ਇਸ ਲਈ ਦੂਜੇ ਬੈਂਕ ਦੇ ATM 'ਤੇ ਯੈੱਸ ਬੈਂਕ ਦੇ ਕਾਰਡ ਵੀ ਨਹੀਂ ਚੱਲਣਗੇ। ਇਸ ਲਈ ਪੈਸੇ ਕਢਵਾਉਣ ਲਈ ਬਰਾਂਚ 'ਚ ਹੀ ਜਾਣਾ ਹੋਵੇਗਾ। ਉੱਥੇ ਹੀ ਜਿਨ੍ਹਾਂ ਦਾ ਯੈੱਸ ਬੈਂਕ 'ਚ ਸੈਲਰੀ ਖਾਤਾ ਹੈ ਤੇ ਤਨਖਾਹ 50 ਹਜ਼ਾਰ ਰੁਪਏ ਤੋਂ ਘੱਟ ਹੈ ਉਨ੍ਹਾਂ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਇਸ ਤੋਂ ਉੱਪਰ ਹੈ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਜਿਸ ਕੰਪਨੀ 'ਚ ਕੰਮ ਕਰਦੇ ਹੋ ਉਸ ਨੂੰ ਹੋਰ ਬੈਂਕ 'ਚ ਸੈਲਰੀ ਖਾਤਾ ਖੁੱਲ੍ਹਵਾਉਣ ਲਈ ਕਹਿ ਸਕਦੇ ਹੋ।

 

ਕਿੰਨੇ ਸਮੇਂ ਤੱਕ ਪਾਬੰਦੀ ਲਾਗੂ ਰਹੇਗੀ?


ਯੈੱਸ ਬੈਂਕ 'ਤੇ 5 ਮਾਰਚ ਤੋਂ 3 ਅਪ੍ਰੈਲ ਤੱਕ ਯਾਨੀ ਇਕ ਮਹੀਨੇ ਦੀ ਪਾਬੰਦੀ ਲਗਾਈ ਗਈ ਹੈ। ਪੈਸੇ ਕਢਵਾਉਣ ਦੀ ਰੋਕ ਵੀ ਉਸੇ ਸਮੇਂ ਤੱਕ ਲਈ ਲਾਈ ਗਈ ਹੈ। ਭਾਰਤੀ ਰਿਜ਼ਰਵ ਬੈਂਕ ਇਕ ਮਹੀਨੇ ਤੋਂ ਪਹਿਲਾਂ ਇਹ ਲਿਮਟ ਵਧਾ ਵੀ ਸਕਦਾ ਹੈ। ਇਸ ਦੌਰਾਨ ਯੈੱਸ ਬੈਂਕ 'ਚ ਨਵਾਂ ਖਾਤਾ ਨਹੀਂ ਖੁੱਲ੍ਹਵਾਇਆ ਜਾ ਸਕਦਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਲੋਨ ਪਾਸ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਯੈੱਸ ਬੈਂਕ ਗਾਹਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਸਰਕਾਰ ਉਨ੍ਹਾਂ ਨੂੰ ਨੁਕਸਾਨ ਨਹੀਂ ਹੋਣ ਦੇਵੇਗੀ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼  ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ►ਯੈੱਸ ਬੈਂਕ 'ਚ ਗਾਹਕਾਂ ਦੇ ਪੈਸੇ ਨੂੰ ਲੈ ਕੇ ਹੁਣ ਬੋਲੇ SBI ਪ੍ਰਮੁੱਖ, ਜਾਣੋ ਕੀ ਕਿਹਾ