ਸਾਇਰਸ ਮਿਸਤਰੀ ਨੂੰ NCLT ਵਲੋਂ ਵੱਡਾ ਝਟਕਾ, ਟਾਟਾ ਸੰਨਜ਼ ਖਿਲਾਫ ਲਗਾਏ ਦੋਸ਼ ਹੋਏ ਖਾਰਜ

07/09/2018 3:49:39 PM

ਬਿਜ਼ਨੈੱਸ ਡੈਸਕ — ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਨੂੰ ਲੈ ਕੇ ਅੱਜ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ(ਐੱਨ.ਸੀ.ਐੱਲ.ਟੀ.) ਨੇ ਫੈਸਲਾ ਸੁਣਾਇਆ ਹੈ। ਟ੍ਰਿਬਿਊਨਲ ਨੇ ਟਾਟਾ ਸੰਨਜ਼ ਦੇ ਹੱਕ ਵਿਚ ਫੈਸਲਾ ਦਿੱਤਾ ਹੈ ਅਤੇ ਸਾਇਰਸ ਮਿਸਤਰੀ ਦੀ ਅਪੀਲ ਖਾਰਜ ਕਰ ਦਿੱਤੀ ਹੈ। ਸਾਇਰਸ ਮਿਸਤਰੀ ਨੇ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਸਾਇਰਸ ਮਿਸਤਰੀ 'ਤੇ ਜਾਣਕਾਰੀ ਲੀਕ ਕਰਨ ਦਾ ਦੋਸ਼ ਲੱਗਾ ਹੈ।
ਐੱਨ.ਸੀ.ਐੱਲ.ਟੀ.(NCLT) ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਬੋਰਡ ਕੋਲ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਅਧਿਕਾਰ ਹੈ। ਟ੍ਰਿਬਿਊਨਲ ਨੇ ਰਤਨ ਟਾਟਾ ਦੇ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਟਾਟਾ ਗਰੁੱਪ ਪ੍ਰਬੰਧਨ ਵਿਚ ਕੋਈ ਗੜਬੜ ਨਹੀਂ ਹੈ।


ਲਗਾਇਆ ਸੀ ਇਹ ਦੋਸ਼
ਮਿਸਤਰੀ ਵਲੋਂ ਦਸੰਬਰ 2016 ਵਿਚ ਦਾਇਰ ਪਟੀਸ਼ਨ 'ਚ ਟਾਟਾ ਗਰੁੱਪ ਦੀਆਂ ਆਪਰੇਟਿੰਗ ਕੰਪਨੀਆਂ 'ਚ ਰਤਨ ਟਾਟਾ ਅਤੇ ਟਾਟਾ ਟਰੱਸਟ ਦੇ ਐੱਨ.ਏ.ਸੂਨਾਵਾਲਾ ਦੀ ਦਖ਼ਲਅੰਦਾਜ਼ੀ ਕਾਰਨ ਟਾਟਾ ਸੰਨਜ਼ ਦਾ ਪ੍ਰਬੰਧਨ ਕਮਜ਼ੋਰ ਹੋਣ ਅਤੇ ਵਪਾਰ ਨੂੰ ਲੈ ਕੇ ਗਲਤ ਫੈਸਲੇ ਕੀਤੇ ਜਾਣ ਦਾ ਦੋਸ਼ ਲੱਗਾ ਸੀ। ਮਿਸਤਰੀ ਨੇ ਟਾਟਾ ਸੰਨਜ਼ ਦੇ ਬੋਰਡ 'ਚ ਸ਼ਾਪੂਰਜੀ ਪਾਲੋਨਜੀ ਗਰੁੱਪ ਨੂੰ ਨੁਮਾਇੰਦਗੀ ਦੇਣ, ਟਾਟਾ ਸੰਨਜ਼ ਦੇ ਮਾਮਲਿਆਂ 'ਚ ਟਾਟਾ ਟਰੱਸਟ ਦੇ ਟਰੱਸਟੀਜ਼ ਦੀ ਦਖਲਅੰਦਾਜ਼ੀ ਨੂੰ ਰੋਕਣ, ਟਾਟਾ ਸੰਨਜ਼ ਨੂੰ ਪ੍ਰਾਈਵੇਟ ਕੰਪਨੀ 'ਚ ਤਬਦੀਲ ਹੋਣ ਤੋਂ ਬਚਾਉਣ ਅਤੇ ਟਾਟਾ ਸੰਨਜ਼ 'ਚ ਸਾਇਰਸ ਮਿਸਤਰੀ ਪਰਿਵਾਰ ਦੇ ਟਾਟਾ ਫਰਮਾਂ ਵਿਚ ਸ਼ੇਅਰਾਂ ਨੂੰ ਜ਼ਬਰਦਸਤੀ ਟਰਾਂਸਫਰ ਕਰਨ ਦੀ ਆਗਿਆ ਨਾ ਦੇਣ ਦੀ ਮੰਗ ਕੀਤੀ ਸੀ।