ਡਿਸ਼ ਟੀ.ਵੀ.-ਭਾਰਤੀ ਏਅਰਟੈੱਲ ਵਿਚਕਾਰ ਰੱਦ ਹੋਇਆ ਪ੍ਰਸਤਾਵਿਤ ਸੌਦਾ

02/20/2020 2:45:14 PM

ਨਵੀਂ ਦਿੱਲੀ — ਐਸਲ ਗਰੁੱਪ ਦੇ ਪ੍ਰਮੋਟਰ ਸੁਭਾਸ਼ ਚੰਦਰ ਅਤੇ ਭਾਰਤੀ ਏਅਰਟੈੱਲ ਦੇ ਸੁਨੀਲ ਭਾਰਤੀ ਮਿੱਤਲ ਦਰਮਿਆਨ ਡਾਇਰੈਕਟ-ਟੂ-ਹੋਮ (ਡੀਟੀਐਚ) ਕੰਪਨੀ ਡਿਸ਼ ਟੀ.ਵੀ. ਨੂੰ ਲੈ ਕੇ ਪ੍ਰਸਤਾਵਿਤ ਸੌਦਾ ਮੁੱਲਾਂਕਣ 'ਚ ਮਤਭੇਦ ਕਾਰਨ ਰੱਦ ਹੋ ਗਿਆ ਹੈ। ਪ੍ਰਮੋਟਰ ਐਸਲ ਗਰੁੱਪ ਦੀ ਡਿਸ਼ ਟੀਵੀ ਵਿਚ 62 ਪ੍ਰਤੀਸ਼ਤ ਹਿੱਸੇਦਾਰੀ ਹੈ। ਸਮੂਹ ਹੁਣ ਕੰਪਨੀ ਵਿਚ ਆਪਣੀ ਅੱਧੀ ਹਿੱਸੇਦਾਰੀ ਵੇਚਣ ਲਈ ਇਕ ਗਲੋਬਲ ਵਿੱਤੀ ਨਿਵੇਸ਼ਕ ਨਾਲ ਗੱਲਬਾਤ ਕਰ ਰਿਹਾ ਹੈ। ਐਸਲ ਸਮੂਹ ਦੀ ਯੋਜਨਾ ਇਸ ਸੌਦੇ ਤੋਂ ਮਿਲਣ ਵਾਲੀ ਨਕਦੀ ਤੋਂ ਅਗਲੇ 12 ਮਹੀਨਿਆਂ ਵਿਚ ਆਪਣੀ ਪ੍ਰਮੁੱਖ ਕੰਪਨੀ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਜ਼ (ਜ਼ੇਈਈਈਐਲ) ਵਿਚ 5% ਹਿੱਸੇਦਾਰੀ ਦੀ ਮੁੜ ਖਰੀਦ ਕਰਨ ਦੀ ਹੈ।

ਸੂਤਰਾਂ ਮੁਤਾਬਕ ਐਸਲ ਗਰੁੱਪ ਨੂੰ ਇਸ ਸੌਦੇ ਤੋਂ ਤਕਰੀਬਨ 2,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਪਹਿਲਾ ਪ੍ਰਮੋਟਰ ਦੀ ਹਿੱਸੇਦਾਰੀ ਖਰੀਦਣ ਲਈ ਭਾਰਤੀ ਏਅਰਟੈੱਲ ਨਾਲ ਗੱਲਬਾਤ ਚਲ ਰਹੀ ਸੀ। ਜ਼ੀ ਦੇ ਸ਼ੇਅਰਾਂ ਦੀ ਖਰੀਦ ਦੀ ਪਹਿਲੀ ਪੇਸ਼ਕਸ਼ ਮੌਜੂਦਾ ਵਿੱਤੀ ਨਿਵੇਸ਼ਕਾਂ ਨੂੰ ਕੀਤੀ ਜਾਵੇਗੀ ਜਿਸ ਵਿਚ ਓਪਨਹਾਇਮਰ ਅਤੇ ਜੀ.ਆਈ.ਸੀ. ਸ਼ਾਮਲ ਹੈ। ਓਪਨਹਾਇਮਰ ਦੀ ਡਿਸ਼ ਟੀ.ਵੀ. ਵਿਚ ਤਕਰੀਬਨ 19.86 ਫੀਸਦੀ ਅਤੇ ਜੀ.ਆਈ.ਸੀ. ਵਿਚ 10 ਫੀਸਦੀ ਹਿੱਸੇਦਾਰੀ ਹੈ। ਇਸ ਨਾਲ ਪ੍ਰਮੋਟਰਾਂ ਨੂੰ ਆਪਣੀ ਹਿੱਸੇਦਾਰੀ ਵਧਾਉਣ ਦਾ ਮੌਕਾ ਮਿਲੇਗਾ, ਜਿਹੜਾ ਕਿ ਇਸ ਸਮੇਂ ਸਿਰਫ 5 ਫੀਸਦੀ ਹੈ। ਪ੍ਰਮੋਟਰਾਂ ਦੇ ਨੇੜਲੇ ਸੂਤਰਾਂ ਮੁਤਾਬਕ ਉਨ੍ਹਾਂ ਦੀ ਯੋਜਨਾ ਕੰਪਨੀ ਵਿਚ ਆਪਣੀ ਹਿੱਸੇਦਾਰੀ ਨੂੰ 26 ਫੀਸਦੀ ਤੱਕ ਵਧਾਉਣ ਦੀ ਹੈ। ਹਾਲਾਂਕਿ ਐਸਲ ਗਰੁੱਪ ਦੇ ਇਕ ਬੁਲਾਰੇ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਭਾਰਤੀ ਏਅਰਟੈੱਲ ਆਪਣੇ ਡੀ.ਟੀ.ਐਚ. ਓਪਰੇਸ਼ਨਾਂ ਦਾ ਵਿਸਥਾਰ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਰਿਲਾਇੰਸ ਜੀਓ ਦੀ ਹਮਲਾਵਰ ਰਣਨੀਤੀ ਨੂੰ ਟੱਕਰ ਦੇ ਸਕੇ। ਡਿਸ਼ ਟੀਵੀ ਦੇ ਰਲੇਵੇਂ ਨਾਲ ਉਹ ਡੀ.ਟੀ.ਐਚ. ਬਜ਼ਾਰ ਵਿਚ 54.62 ਫੀਸਦੀ ਤੋਂ ਵੱਧ ਹਿੱਸੇਦਾਰੀ ਦੇ ਨਾਲ ਟਾਟਾ ਸਕਾਈ ਤੋਂ ਕਿਤੇ ਅੱਗੇ ਪਹੁੰਚ ਸਕਦੀ ਹੈ। ਏਅਰਟੈਲ ਨੇ ਦੋਹਰੀ ਰਣਨੀਤੀ ਅਪਣਾਈ ਹੈ। ਡੀ.ਟੀ.ਐਚ. ਸੇਵਾਵਾਂ ਤੋਂ ਇਲਾਵਾ ਉਹ ਫਾਈਬਰ ਟੂ ਹੋਮ ਦੇ ਮਾਮਲੇ 'ਚ ਬੀ.ਐਸ.ਐਨ.ਐਲ. ਤੋਂ ਬਾਅਦ ਦੂਜੀ ਸਭ ਤੋਂ ਵੱਡੀ ਕੰਪਨੀ ਹੈ।

ਕੰਪਨੀ ਦੇ 22 ਲੱਖ ਬ੍ਰਾਡਬੈਂਡ ਗਾਹਕ ਹਨ, ਰਿਲਾਇੰਸ ਜਿਓ ਦੇ ਗਾਹਕਾਂ ਦੀ ਸੰਖਿਆ ਦਾ  10 ਲੱਖ ਹੈ। ਹਾਲਾਂਕਿ ਹੈਥਵੇ ਅਤੇ ਡੇਨ ਕੈਬਲ ਦੇ ਵੀ ਕੁਝ ਬ੍ਰਾਡਬੈਂਡ ਉਪਭੋਗਤਾ ਹਨ। ਇਹ ਦੋਵੇਂ ਕੰਪਨੀਆਂ ਨੂੰ ਰਿਲਾਇੰਸ ਨੇ ਐਕੁਆਇਰ ਕੀਤਾ ਹੈ। ਐਸਲ ਗਰੁੱਪ ਗੰਭੀਰ ਵਿੱਤੀ ਸੰਕਟ ਵਿਚੋਂ ਲੰਘ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਉਸਨੇ ਜੈੱਡ.ਈ.ਈ.ਐਲ. ਦੇ ਸ਼ੇਅਰਾਂ ਨੂੰ ਗਿਰਵੀ ਰੱਖ ਕੇ ਆਪਣੇ ਬੁਨਿਆਦੀ ਢਾਂਚਾ ਖੇਤਰ ਦੇ ਪ੍ਰੋਜੈਕਟ ਲਈ ਕਰਜ਼ੇ ਲਏ ਸਨ। ਹੁਣ ਉਸ ਨੇ 2500 ਕਰੋੜ ਰੁਪਏ ਦੇ ਲੋਨ ਦਾ ਭੁਗਤਾਨ ਕਰਨਾ ਹੈ।