ਡਾਇਰੈਕਟ ਟੈਕਸ ਕਲੈਕਸ਼ਨ 15 ਜੂਨ ਤੱਕ 36 ਫ਼ੀਸਦੀ ਵਧਿਆ, ਮਿਲੇ 3.78 ਲੱਖ ਕਰੋੜ ਰੁਪਏ

06/17/2023 10:34:25 AM

ਨਵੀਂ ਦਿੱਲੀ- ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 15 ਜੂਨ ਤੱਕ ਪ੍ਰਤੱਖ ਟੈਕਸ ਕੁਲੈਕਸ਼ਨ 36 ਫ਼ੀਸਦੀ ਵਧ ਕੇ 3.78 ਲੱਖ ਕਰੋੜ ਰੁਪਏ ਹੋ ਗਿਆ। ਕੰਪਨੀਆਂ ਅਤੇ ਵਿਅਕਤੀਗਤ ਟੈਕਸਦਾਤਾਵਾਂ ਤੋਂ ਐਡਵਾਂਸ ਟੈਕਸ ਪ੍ਰਾਪਤੀਆਂ ਵਧਣ ਕਾਰਨ ਪ੍ਰਤੱਖ ਟੈਕਸ ਸੰਗ੍ਰਹਿ ਵਧਿਆ ਹੈ। ਟੈਕਸ ਸੰਗ੍ਰਹਿ 'ਚ ਵਾਧੇ ਨਾਲ ਕੰਪਨੀਆਂ ਦੇ ਪ੍ਰਦਰਸ਼ਨ ਸੁਧਰਣ ਅਤੇ ਆਰਥਿਕ ਵਿਕਾਸ ਤੇਜ਼ ਹੋਣ ਦੇ ਸੰਕੇਤ ਮਿਲਦੇ ਹਨ। ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ (1 ਅਪ੍ਰੈਲ ਤੋਂ 1 ਜੂਨ) 'ਚ ਸਰਕਾਰ ਨੇ 1.16 ਲੱਖ ਕਰੋੜ ਰੁਪਏ ਦਾ ਐਡਵਾਂਸ ਟੈਕਸ ਪ੍ਰਾਪਤ ਕੀਤਾ ਹੈ। ਇਸ 'ਚ ਐਡਵਾਂਸ ਕਾਰਪੋਰੇਟ ਟੈਕਸ 92,173 ਕਰੋੜ ਰੁਪਏ ਅਤੇ ਐਡਵਾਂਸ ਪਰਸਨਲ ਇਨਕਮ ਟੈਕਸ 23,513 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ:  ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਐਡਵਾਂਸ ਟੈਕਸ ਦੀ ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਦੀ ਆਖਰੀ ਤਾਰੀਖ਼ 15 ਜੂਨ ਸੀ। ਐਡਵਾਂਸ ਟੈਕਸ ਤੋਂ ਇਲਾਵਾ ਸਰੋਤ 'ਤੇ ਕੱਟੇ ਗਏ ਟੈਕਸ (ਟੀ.ਡੀ.ਐੱਸ) ਨੇ ਵੀ ਟੈਕਸ ਸੰਗ੍ਰਹਿ 'ਚ ਵਾਧਾ ਕਰਨ 'ਚ ਮਹੱਤਵਪੂਰਨ ਯੋਗਦਾਨ ਪਾਇਆ। ਟੀ.ਡੀ.ਐੱਸ ਹੈੱਡ 'ਚ ਕਰੀਬ 2.69 ਲੱਖ ਕਰੋੜ ਰੁਪਏ ਪ੍ਰਾਪਤ ਹੋਏ ਹਨ।
ਸਰਕਾਰੀ ਅਧਿਕਾਰੀਆਂ ਨੇ ਇਕ ਅਖ਼ਬਾਰ ਨੂੰ ਦੱਸਿਆ ਕਿ ਇਹ ਟੈਕਸ ਉਗਰਾਹੀ ਦਾ ਮੁੱਢਲਾ ਅੰਕੜਾ ਹੈ ਅਤੇ ਬੈਂਕਾਂ ਤੋਂ ਹੋਰ ਜਾਣਕਾਰੀ ਮਿਲਣ ਕਾਰਨ ਅੰਕੜੇ ਵਧਣ ਦੀ ਉਮੀਦ ਹੈ। ਕਿਸੇ ਵੀ ਵਿੱਤੀ ਸਾਲ 'ਚ ਕੰਪਨੀਆਂ ਅਤੇ ਵਿਅਕਤੀਗਤ ਟੈਕਸਦਾਤਾ ਚਾਰ ਕਿਸ਼ਤਾਂ 'ਚ ਐਡਵਾਂਸ ਟੈਕਸ ਅਦਾ ਕਰਦੇ ਹਨ। ਪਹਿਲੀ ਤਿਮਾਹੀ ਦੇ ਤੌਰ 'ਤੇ ਅੰਦਾਜ਼ਨ ਟੈਕਸ ਦੇਣਦਾਰੀ ਦਾ 15 ਫ਼ੀਸਦੀ ਪਹਿਲੀ ਤਿਮਾਹੀ 'ਚ ਅਦਾ ਕਰਨਾ ਹੋਵੇਗਾ। ਇਸ ਤੋਂ ਬਾਅਦ ਕੁੱਲ ਟੈਕਸ ਦੇਣਦਾਰੀ ਦਾ 25-25 ਫ਼ੀਸਦੀ ਸਤੰਬਰ ਅਤੇ ਦਸੰਬਰ ਤਿਮਾਹੀ 'ਚ ਅਤੇ ਬਾਕੀ 35 ਫ਼ੀਸਦੀ ਟੈਕਸ ਮਾਰਚ 'ਚ ਅਦਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਸੈਟ ਨੇ ਸੇਬੀ ਦੇ ਹੁਕਮ ਖ਼ਿਲਾਫ਼ ਸੁਭਾਸ਼ ਚੰਦਰਾ ਅਤੇ ਪੁਨੀਤ ਗੋਇਨਕਾ ਨੂੰ ਅੰਤਰਿਮ ਰਾਹਤ ਦੇਣ ਤੋਂ ਕੀਤਾ ਇਨਕਾਰ
ਟੈਕਸ ਪ੍ਰਾਪਤੀ ਦੇ ਅੰਕੜਿਆਂ ਦੇ ਡੂੰਘਾਈ ਨਾਲ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ 1 ਅਪ੍ਰੈਲ ਤੋਂ 15 ਜੂਨ ਤੱਕ ਸ਼ੁੱਧ ਪ੍ਰਤੱਖ ਟੈਕਸ ਸੰਗ੍ਰਹਿ ਵਿੱਤੀ ਸਾਲ 2023 ਦੀ ਇਸੇ ਮਿਆਦ ਦੇ 2.80 ਲੱਖ ਕਰੋੜ ਰੁਪਏ ਦੇ ਮੁਕਾਬਲੇ 35.32 ਫੀਸਦੀ ਵਧ ਕੇ 3.78 ਲੱਖ ਕਰੋੜ ਰੁਪਏ ਹੋ ਗਿਆ ਸੀ। ਇਸ ਮਿਆਦ ਦੇ ਦੌਰਾਨ ਸ਼ੁੱਧ ਟੈਕਸ ਸੰਗ੍ਰਹਿ ਚਾਲੂ ਵਿੱਤੀ ਸਾਲ ਲਈ 18.2 ਲੱਖ ਕਰੋੜ ਰੁਪਏ ਦੇ ਬਜਟ ਟੀਚੇ ਦਾ 20.77 ਫ਼ੀਸਦੀ ਰਿਹਾ। ਇਨ੍ਹਾਂ 'ਚੋਂ 1.87 ਲੱਖ ਕਰੋੜ ਰੁਪਏ ਕਾਰਪੋਰੇਟ ਟੈਕਸ ਵਜੋਂ ਅਤੇ 2.26 ਲੱਖ ਕਰੋੜ ਰੁਪਏ ਨਿੱਜੀ ਆਮਦਨ ਕਰ ਵਜੋਂ ਪ੍ਰਾਪਤ ਹੋਏ।
ਕੁੱਲ ਪ੍ਰਤੱਖ ਟੈਕਸ ਕੁਲੈਕਸ਼ਨ (ਰਿਫੰਡ ਕਟਾਏ ਬਿਨਾਂ) ਲਗਭਗ 4.18 ਲੱਖ ਕਰੋੜ ਰੁਪਏ ਰਿਹਾ ਹੈ। ਚਾਲੂ ਵਿੱਤੀ ਸਾਲ 'ਚ ਹੁਣ ਤੱਕ 39,390 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਜਾ ਚੁੱਕੇ ਹਨ। ਸਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ ਕੁਲੈਕਸ਼ਨ ਵੀ 4,731 ਕਰੋੜ ਰੁਪਏ 'ਤੇ ਚੰਗਾ ਰਿਹਾ। ਇਸ ਤੋਂ ਇਲਾਵਾ ਸਵੈ-ਮੁਲਾਂਕਣ ਰਾਹੀਂ ਅਦਾ ਕੀਤਾ ਟੈਕਸ 19,834 ਕਰੋੜ ਰੁਪਏ, ਨਿਯਮਤ ਮੁਲਾਂਕਣ ਟੈਕਸ 9,911 ਕਰੋੜ ਰੁਪਏ ਅਤੇ ਲਾਭਅੰਸ਼ ਵੰਡ ਟੈਕਸ 908 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਵਿੱਤੀ ਸਾਲ 2023 'ਚ ਡਾਇਰੈਕਟ ਟੈਕਸ ਕਲੈਕਸ਼ਨ 'ਚ ਭਾਰੀ ਵਾਧਾ ਹੋਇਆ ਸੀ। ਪਿਛਲੇ ਵਿੱਤੀ ਸਾਲ 'ਚ ਸ਼ੁੱਧ ਸੰਗ੍ਰਹਿ (ਅਸਥਾਈ) 16.21 ਲੱਖ ਕਰੋੜ ਰੁਪਏ ਰਿਹਾ, ਜੋ ਬਜਟ ਅਨੁਮਾਨ ਤੋਂ ਜ਼ਿਆਦਾ ਹੈ। ਵਿੱਤ ਮੰਤਰਾਲੇ ਦੇ ਅਨੁਸਾਰ ਵਿੱਤੀ ਸਾਲ 2022 ਦੇ ਮੁਕਾਬਲੇ ਇਸ 'ਚ 18 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਰ ਵਿੱਤੀ ਸਾਲ 2023 ਦੇ ਅਸਲ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon