ਬਿਜਲੀ ਮਹਿੰਗੀ ਹੋਣ ਦਾ ਖਦਸ਼ਾ, ਡੀਜ਼ਲ ਕੀਮਤਾਂ ਨੇ ਵਧਾਈ ਚਿੰਤਾ!

10/16/2018 1:55:34 PM

ਨਵੀਂ ਦਿੱਲੀ— ਮਹਿੰਗੇ ਹੋ ਰਹੇ ਡੀਜ਼ਲ ਨੇ ਬਿਜਲੀ ਮਹਿੰਗੀ ਹੋਣ ਦਾ ਖਦਸ਼ਾ ਵਧਾ ਦਿੱਤੀ ਹੈ। ਇਸ ਕਾਰਨ ਪਿਛਲੇ 2 ਮਹੀਨਿਆਂ 'ਚ ਬਿਜਲੀ ਦੀ ਮੰਗ 'ਚ ਤੇਜ਼ੀ ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਕ, ਨਿੱਜੀ ਬਿਜਲੀ ਉਤਪਾਦਕਾਂ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਇੰਡਸਟਰੀ ਯੂਨਿਟਾਂ ਵੱਲੋਂ ਹੁਣ ਗ੍ਰਿਡ ਨਾਲ ਜੁੜੀ ਬਿਜਲੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਜ੍ਹਾ ਨਾਲ ਇਸ ਮਹੀਨੇ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 12.5 ਫੀਸਦੀ ਵਧੀ ਹੈ। ਪਿਛਲੇ ਮਹੀਨੇ ਇਹ ਮੰਗ 7.6 ਫੀਸਦੀ ਵਧੀ ਸੀ, ਜਦੋਂ ਕਿ ਜੁਲਾਈ 'ਚ ਮੰਗ 6.6 ਫੀਸਦੀ ਵਧੀ ਸੀ।

ਇੰਡਸਟਰੀ ਸੂਤਰਾਂ ਦਾ ਕਹਿਣਾ ਹੈ ਕਿ ਦਿਨੋਂ-ਦਿਨ ਡੀਜ਼ਲ ਮਹਿੰਗਾ ਹੋਣ ਨਾਲ ਬਹੁਤ ਸਾਰੇ ਖਪਤਕਾਰ ਬਿਜਲੀ ਦਾ ਇਸਤੇਮਾਲ ਵਧਾ ਚੁੱਕੇ ਹਨ। ਸਤੰਬਰ ਮਹੀਨੇ ਦੇਸ਼ ਦੇ ਕਈ ਇਲਾਕਿਆਂ 'ਚ ਡੀਜ਼ਲ ਦਾ ਮੁੱਲ 80 ਰੁਪਏ ਪ੍ਰਤੀ ਲਿਟਰ ਦੇ ਪਾਰ ਚਲਾ ਗਿਆ ਸੀ। ਜਿਸ ਕਾਰਨ ਡੀਜ਼ਲ ਨਾਲ ਚੱਲਣ ਵਾਲੇ ਬਿਜਲੀ ਯੂਨਿਟਾਂ ਨੇ ਵੀ ਗ੍ਰਿਡ ਨਾਲ ਜੁੜੀ ਬਿਜਲੀ ਲੈਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੇ ਨਾਲ ਹੀ ਇੰਡਸਟਰੀ ਯੂਨਿਟਾਂ ਨੇ ਵੀ ਬਿਜਲੀ ਦੀ ਮੰਗ ਵਧਾ ਦਿੱਤੀ ਹੈ।

ਇਸ ਖੇਤਰ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੀ ਮੰਗ ਵਧਣ ਨਾਲ ਹਾਜ਼ਰ ਬਾਜ਼ਾਰ 'ਚ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪਿਛਲੇ ਹਫਤੇ ਹਾਜ਼ਰ ਬਾਜ਼ਾਰ 'ਚ ਬਿਜਲੀ ਦੇ ਰੇਟ 18 ਰੁਪਏ ਪ੍ਰਤੀ ਯੂਨਿਟ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਏ। ਹਾਜ਼ਰ ਬਾਜ਼ਾਰ ਦੀ ਕੁੱਲ ਬਿਜਲੀ ਕਾਰੋਬਾਰ 'ਚ ਹਿੱਸੇਦਾਰੀ ਸਿਰਫ 3 ਫੀਸਦੀ ਹੈ ਪਰ ਇਸ ਨਾਲ ਮੰਗ ਤੇ ਸਪਲਾਈ ਦੀ ਸਥਿਤੀ ਦਾ ਪਤਾ ਲੱਗਦਾ ਹੈ। ਉੱਥੇ ਹੀ ਬਹੁਤ ਸਾਰੇ ਬਿਜਲੀ ਯੂਨਿਟਾਂ 'ਚ ਕੋਲੇ ਦੀ ਵੀ ਕਮੀ ਹੋਈ ਹੈ। ਉਧਰ ਪਣਬਿਜਲੀ ਉਤਪਾਦਨ ਵੀ ਘਟ ਹੋਇਆ ਹੈ, ਜਿਸ ਵਜ੍ਹਾ ਨਾਲ ਤਾਪ ਬਿਜਲੀ ਪਲਾਂਟਾਂ 'ਤੇ ਦਬਾਅ ਹੈ, ਜਿਨ੍ਹਾਂ ਨੂੰ ਤਕਰੀਬਨ 1,75,000 ਮੈਗਾਵਾਟ ਬਿਜਲੀ ਦੀ ਮੰਗ ਪੂਰੀ ਕਰਨੀ ਹੈ।