ਸ਼ੂਗਰ ਦੇ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ, ਇੰਨੀ ਸਸਤੀ ਹੋ ਸਕਦੀ ਹੈ ਦਵਾਈ!

10/09/2019 10:36:39 AM

ਨਵੀਂ ਦਿੱਲੀ— ਦਸੰਬਰ 'ਚ ਡਾਇਬੀਟੀਜ਼ ਯਾਨੀ ਸ਼ੂਗਰ ਦੇ ਮਰੀਜ਼ਾਂ ਦੀ ਜੇਬ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਡਾਇਬੀਟੀਜ਼ ਦੀ ਪ੍ਰਮੁੱਖ ਦਵਾਈ (ਵਿਲਡਾਗਲਿਪਟਿਨ) ਦੇ ਮੁੱਲ 'ਚ ਜ਼ਬਰਦਸਤ ਗਿਰਾਵਟ ਆਉਣ ਦੀ ਸੰਭਾਵਨਾ ਹੈ ਕਿਉਂਕਿ ਕਈ ਕੰਪਨੀਆਂ ਇਸ ਦੇ ਜੇਨੈਰਿਕ ਸੰਸਕਰਣ ਨੂੰ ਬਾਜ਼ਾਰ 'ਚ ਉਤਰਾਨ ਜਾ ਰਹੀਆਂ ਹਨ, ਜਿਸ ਕਾਰਨ ਇਸ ਦਵਾਈ ਲਈ ਪੇਟੈਂਟ ਹਾਸਲ ਕਰਨ ਵਾਲੀ ਬਹੁ-ਰਾਸ਼ਟਰੀ ਕੰਪਨੀ ਲਈ ਮੌਜੂਦਾ ਕੀਮਤਾਂ ਨੂੰ ਬਰਕਰਾਰ ਰੱਖਣਾ ਸੌਖਾ ਨਹੀਂ ਹੋਵੇਗਾ। ਰਿਪੋਰਟਾਂ ਦਾ ਕਹਿਣਾ ਹੈ ਕਿ ਸ਼ੂਗਰ ਦੀ ਦਵਾਈ 75 ਫੀਸਦੀ ਤਕ ਸਸਤੀ ਹੋ ਸਕਦੀ ਹੈ।

ਰਿਪੋਰਟਾਂ ਮੁਤਾਬਕ, ਸਵਿਟਜ਼ਰਲੈਂਢ ਦੀ ਬਹੁ-ਰਾਸ਼ਟਰੀ ਕੰਪਨੀ ਨੋਵਾਰਤਿਸ ਘਰੇਲੂ ਕੰਪਨੀਆਂ ਨੂੰ 'ਵਿਲਡਾਗਲਿਪਟਿਨ' ਦੇ ਜੇਨੈਰਿਕ ਸੰਸਕਰਣ ਨੂੰ ਬਾਜ਼ਾਰ 'ਚ ਉਤਾਰਨ ਤੋਂ ਰੋਕਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਇਸ ਦਵਾਈ ਦਾ ਪਹਿਲਾ ਪੇਟੈਂਟ 2017 'ਚ ਖਤਮ ਹੋ ਚੁੱਕਾ ਸੀ, ਜਦੋਂ ਕਿ ਦੂਜਾ ਪੇਟੈਂਟ ਇਸ ਸਾਲ ਦਸੰਬਰ 'ਚ ਖਤਮ ਹੋਣ ਜਾ ਰਿਹਾ ਹੈ। ਇਸ ਲਈ ਘਰੇਲੂ ਬਾਜ਼ਾਰ 'ਚ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਟਾਈਪ-2 ਡਾਇਬੀਟੀਜ਼ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਇਸ ਦਵਾਈ ਦੀ 3,500 ਕਰੋੜ ਰੁਪਏ ਦੇ ਗਲਿਪਟਿਨ ਬਾਜ਼ਾਰ 'ਚ ਤਕਰੀਬਨ 25 ਤੋਂ 30 ਫੀਸਦੀ ਹਿੱਸੇਦਾਰੀ ਹੈ।

ਰਿਪੋਰਟਾਂ ਮੁਤਾਬਕ, ਕਈ ਭਾਰਤੀ ਕੰਪਨੀਆਂ ਦਸੰਬਰ 'ਚ ਗਲਿਪਟਿਨ ਦੇ ਜੇਨੈਰਿਕ ਸੰਸਕਰਣ ਨੂੰ ਲਾਂਚ ਕਰਨ ਦੀ ਤਿਆਰੀ 'ਚ ਹਨ। ਫਿਲਹਾਲ ਵਿਲਡਾਗਲਿਪਟਿਨ ਦਾ ਰੇਟ 20-22 ਰੁਪਏ ਹੈ ਅਤੇ ਆਮ ਤੌਰ 'ਤੇ ਰੋਗੀਆਂ ਨੂੰ ਰੋਜ਼ਾਨਾ ਇਸ ਦੀ ਖੁਰਾਕ ਲੈਣੀ ਪੈਂਦੀ ਹੈ। ਨੋਵਾਰਤਿਸ ਦਾ ਵਿਲਡਾਗਲਿਪਟਿਨ ਲਈ ਸਿਪਲਾ, ਯੂ. ਐੱਸ. ਵੀ. ਫਾਰਮਾ, ਐੱਮ. ਕਿਓਰ ਅਤੇ ਐਬਟ ਵਰਗੀਆਂ ਕੰਪਨੀਆਂ ਨਾਲ ਕਰਾਰ ਹੈ। ਸੂਤਰਾਂ ਮੁਤਾਬਕ, ਇਨ੍ਹਾਂ 'ਚੋਂ ਜ਼ਿਆਦਾਤਰ ਕੰਪਨੀਆਂ ਹੁਣ ਖੁਦ ਆਪਣੀ ਜੇਨੈਰਿਕ ਦਵਾਈ ਨੂੰ ਬਾਜ਼ਾਰ 'ਚ ਉਤਾਰਨ ਲਈ ਤਿਆਰ ਹਨ।